ਸਾਥੀ ਨੂੰ ਯਾਦ ਕਰ ਰੋ ਪਿਆ ਜਵਾਨ, ਕਿਹਾ- ਇਸੇ ਥਾਂ ਸ਼ਹੀਦ ਹੋਇਆ ਸੀ ਦੋਸਤ

02/18/2019 10:44:00 AM

ਜੰਮੂ— 14 ਫਰਵਰੀ ਯਾਨੀ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਵੱਡਾ ਅੱਤਵਾਦੀ ਹਮਲਾ ਹੋਇਆ, ਜਿਸ 'ਚ 40 ਭਾਰਤੀ ਫੌਜੀ ਜਵਾਨ ਸ਼ਹੀਦ ਹੋ ਗਏ। ਪੁਲਵਾਮਾ ਵਿਚ ਜਿਸ ਥਾਂ ਸੀ. ਆਰ. ਪੀ. ਐੱਫ. ਜਵਾਨਾਂ ਦੇ ਵਾਹਨਾਂ 'ਤੇ ਅੱਤਵਾਦੀ ਹਮਲਾ ਹੋਇਆ, ਉੱਥੇ ਸੜਕ 'ਤੇ ਟੋਇਆ ਬਣ ਗਿਆ ਹੈ। ਸੀ. ਆਰ. ਪੀ. ਐੱਫ. ਜਵਾਨਾਂ ਵਲੋਂ ਹਾਦਸੇ ਦੀ ਥਾਂ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਧਮਾਕੇ ਕਾਰਨ ਬਣੇ ਟੋਏ ਦੇ ਚਾਰੋਂ ਪਾਸੇ ਗੋਲ ਘੇਰਾ ਬਣਾ ਦਿੱਤਾ ਗਿਆ ਹੈ। ਕਿਸੇ ਨੂੰ ਉੱਥੇ ਥਾਂ 'ਤੇ ਨਹੀਂ ਜਾਣ ਦਿੱਤਾ ਜਾ ਰਿਹਾ। ਜਦੋਂ ਮੀਡੀਆ ਕਰਮੀ ਉੱਥੇ ਗਏ ਤਾਂ ਜਵਾਨਾਂ ਨੇ ਉਨ੍ਹਾਂ ਨੂੰ ਵੀ ਰੋਕਿਆ। ਹਾਲਾਂਕਿ ਹਮਲੇ ਬਾਰੇ ਪੁੱਛਣ 'ਤੇ ਇਕ ਜਵਾਨ ਭਾਵੁਕ ਹੋ ਗਿਆ ਅਤੇ ਦੱਸਿਆ ਕਿ ਵੀਰਵਾਰ ਨੂੰ ਮੇਰਾ ਸਾਥੀ ਜਵਾਨ ਬਿਲਕੁੱਲ ਇਸੇ ਥਾਂ 'ਤੇ ਸੀ, ਜਿੱਥੇ ਮੈਂ ਇਸ ਸਮੇਂ ਖੜ੍ਹਾ ਹਾਂ। ਉਹ ਮੇਰਾ ਬੈਰਕ ਸਾਥੀ ਸੀ ਅਤੇ ਆਤਮਘਾਤੀ ਹਮਲੇ 'ਚ ਸ਼ਹੀਦ ਹੋ ਗਿਆ। 



ਬੁਲੇਟ ਪਰੂਫ ਜੈਕਟ ਪਹਿਨੇ ਖੜ੍ਹੇ ਦੇਸ਼ਰਾਜ ਆਪਣੇ ਸਾਥੀ ਮਦਨ ਸ਼ਰਮਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਦੇਸ਼ਰਾਜ ਨੇ ਦੱਸਿਆ ਕਿ ਅਸੀਂ ਦੋਵੇਂ ਚੰਗੇ ਦੋਸਤ ਸੀ। ਆਪਣੇ ਦੋਸਤ ਨੂੰ ਯਾਦ ਕਰਦਿਆਂ ਦੇਸ਼ਰਾਜ ਨੇ ਕਿਹਾ ਕਿ ਅਸੀਂ ਪਿਛਲੇ 10 ਮਹੀਨਿਆਂ ਤੋਂ ਇਕੱਠੇ ਸੀ। ਜਿਸ ਦਿਨ ਇਹ ਭਿਆਨਕ ਅੱਤਵਾਦੀ ਹਮਲਾ ਹੋਇਆ, ਮੈਂ ਅਗਲੀ ਪੋਸਟ 'ਤੇ ਖੜ੍ਹਾ ਸੀ ਜਦਕਿ ਉਹ ਸੀ. ਆਰ. ਪੀ. ਐੱਫ. ਦੀਆਂ ਗੱਡੀਆਂ ਦੀ ਸੁਰੱਖਿਆ ਵਿਚ ਕਿਨਾਰੇ 'ਤੇ ਖੜ੍ਹਾ ਸੀ। ਹੁਣ ਮੈਂ ਜਦੋਂ ਵੀ ਆਪਣੇ ਦੋਸਤ ਦੇ ਬਿਸਤਰੇ ਨੂੰ ਖਾਲੀ ਦੇਖਦਾ ਹਾਂ ਤਾਂ...' ਇਹ ਕਹਿੰਦੇ ਹੋਏ ਦੇਸ਼ਰਾਜ ਰੁੱਕ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਵੀ ਅਸੀਂ ਇੱਥੇ ਖੜ੍ਹੇ ਹਾਂ, ਕਿਉਂਕਿ ਸਾਨੂੰ ਦੇਸ਼ ਦੀ ਰੱਖਿਆ ਕਰਨੀ ਹੈ। ਸਾਨੂੰ ਆਪਣਾ ਫਰਜ਼ ਨਿਭਾਉਣਾ ਹੈ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ ਜ਼ਿਲੇ ਵਿਚ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲਾ ਹੋ ਗਿਆ ਸੀ। ਇਸ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਨੂੰ ਲੈ ਕੇ ਪੂਰੇ ਦੇਸ਼ 'ਚ ਰੋਹ ਹੈ। ਇਹ ਇਕ ਆਤਮਘਾਤੀ ਹਮਲਾ ਸੀ।

Tanu

This news is Content Editor Tanu