ਨਾਗਪੁਰ ''ਚ ਟਰਾਂਸਜੈਂਡਰਾਂ ਲਈ ਬਣੇਗਾ ਜਨਤਕ ਟਾਇਲਟ

02/17/2018 5:28:23 PM

ਨਾਗਪੁਰ— ਇੱਥੋਂ ਦੇ ਜ਼ਿਲਾ ਪ੍ਰਸ਼ਾਸਨ ਨੇ ਟਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਲਈ ਸ਼ਹਿਰ 'ਚ 2 ਜਨਤਕ ਟਾਇਲਟਾਂ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਹੈ। ਟਰਾਂਸਜੈਂਡਰ ਭਾਈਚਾਰੇ ਲਈ ਕੰਮ ਕਰਨ ਵਾਲੇ ਸਾਰਥੀ ਟਰੱਸਟ ਦੇ ਮੈਂਬਰਾਂ ਨੇ ਜ਼ਿਲਾ ਕਲੈਕਟਰ ਸਚਿਨ ਕੁਰਵੇ ਨਾਲ ਮੁਲਾਕਾਤ ਕਰ ਕੇ ਭਾਈਚਾਰੇ ਲਈ ਵੱਖ ਜਨਤਕ ਟਾਇਲਟਾਂ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਕੁਰਵੇ ਨੇ ਦੱਸਿਆ,''ਅਸੀਂ ਪਚਪਾਵਲੀ ਅਤੇ ਸੀਤਾਬੁਲਦੀ ਇਲਾਕੇ 'ਚ ਟਰਾਂਸਜੈਂਡਰ ਭਾਈਚਾਰੇ ਲਈ 2 (ਜਨਤਕ) ਟਾਇਲਟ ਬਣਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਥਾਨਾਂ ਦਾ ਸੁਝਾਅ ਟਰੱਸਟ ਵੱਲੋਂ ਦਿੱਤਾ ਗਿਆ।''
ਸਾਰਥੀ ਟਰੱਸਟ ਦੇ ਸੀ.ਈ.ਓ. ਨਿਕੁੰਜ ਜੋਸ਼ੀ ਨੇ ਦੱਸਿਆ ਕਿ ਸ਼ਹਿਰ 'ਚ ਕਰੀਬ 12 ਹਜ਼ਾਰ ਟਰਾਂਸਜੈਂਡਰ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਕਲੈਕਟਰ, ਡੀਨ ਅਤੇ ਸਿਵਲ ਸਰਜਨ (ਸਰਕਾਰੀ ਹਸਪਤਲਾਂ ਦੇ) ਨੂੰ ਟਰਾਂਸਜੈਂਡਰ ਭਾਈਚਾਰੇ ਦੀਆਂ ਸਿਹਤ ਸਹੂਲਤਾਂ ਤੋਂ ਜਾਣੂੰ ਕਰਵਾਇਆ ਅਤੇ ਕਦੇ-ਕਦੇ ਉਨ੍ਹਾਂ ਨਾਲ ਹੋਣ ਵਾਲੇ ਭੇਦਭਾਵ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ,''ਅਸੀਂ ਟਰਾਂਸਜੈਂਡਰਾਂ ਲਈ ਜਨਤਕ ਟਾਇਲਟਾਂ ਦੇ ਨਾਲ-ਨਾਲ ਵੱਖ ਡਾਕਟਰੀ ਵਾਰਡ ਦੀ ਵੀ ਮੰਗ ਕੀਤੀ।''