ਕੇਰਲ ''ਚ ਦੋਹਰੇ ਕਤਲਕਾਂਡ ਨੂੰ ਲੈ ਕੇ ਕਾਂਗਰਸ ਵਰਕਰਾਂ ਦੀ ਹੜਤਾਲ

02/18/2019 12:02:46 PM

ਤਿਰੁਵਨੰਤਪੁਰ (ਭਾਸ਼ਾ)— ਕੇਰਲ 'ਚ ਯੁਵਾ ਕਾਂਗਰਸ ਦੇ ਦੋ ਵਰਕਰਾਂ ਦੇ ਕਤਲ ਨੂੰ ਲੈ ਕੇ ਵਿਰੋਧ ਜ਼ਾਹਰ ਕਰਨ ਲਈ ਸੂਬੇ ਵਿਚ ਸੋਮਵਾਰ ਨੂੰ ਹੜਤਾਲ ਸ਼ੁਰੂ ਹੋ ਗਈ। ਯੁਵਾ ਕਾਂਗਰਸ ਵਲੋਂ ਅਚਾਨਕ ਬੁਲਾਈ ਗਈ ਹੜਤਾਲ ਤੋਂ ਬਾਅਦ ਵੱਖ-ਵੱਖ ਥਾਂਵਾਂ 'ਤੇ ਸੜਕਾਂ ਅਤੇ ਰਾਸ਼ਟਰੀ ਹਾਈਵੇਅ ਨੂੰ ਬੰਦ ਕੀਤਾ ਗਿਆ ਅਤੇ ਸਰਕਾਰੀ ਬੱਸਾਂ 'ਤੇ ਪਥਰਾਅ ਕੀਤਾ ਗਿਆ। ਯੁਵਾ ਕਾਂਗਰਸ ਦਾ ਦੋਸ਼ ਹੈ ਕਿ ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਵਰਕਰਾਂ ਨੇ ਇਨ੍ਹਾਂ ਕਤਲਾਂ ਨੂੰ ਅੰਜ਼ਾਮ ਦਿੱਤਾ ਹੈ। ਯੁਵਾ ਕਾਂਗਰਸ ਦੀ ਅਗਵਾਈ ਵਿਚ ਸੋਸ਼ਲ ਮੀਡੀਆ ਜ਼ਰੀਏ ਅੱਧੀ ਰਾਤ ਨੂੰ ਸਵੇਰ ਤੋਂ ਸ਼ਾਮ ਤਕ ਚੱਲਣ ਵਾਲੀ ਇਸ ਰਾਜ ਵਿਆਪੀ ਹੜਤਾਲ ਦੀ ਅਪੀਲ ਕੀਤੀ। 

ਦੱਸਣਯੋਗ ਹੈ ਕਿ ਕੇਰਲ ਦੇ ਯੁਵਾ ਕਾਂਗਰਸ ਵਰਕਰਾਂ- ਸ਼ਰਦ ਲਾਲ ਅਤੇ ਕ੍ਰਿਪੇਸ਼ ਦਾ ਉੱਤਰੀ ਕਾਸਰਗੌਡ ਜ਼ਿਲੇ 'ਚ ਕਤਲ ਕਰ ਦਿੱਤਾ ਗਿਆ, ਜਿਸ ਦੇ ਵਿਰੋਧ ਵਿਚ ਵਰਕਰਾਂ ਨੇ ਹੜਤਾਲ ਸ਼ੁਰੂ ਕੀਤੀ ਹੈ। ਹੜਤਾਲ ਦੇ ਸ਼ੁਰੂਆਤੀ ਘੰਟਿਆਂ ਵਿਚ ਆਮ ਜਨ-ਜੀਵਨ ਜ਼ਿਆਦਾ ਪ੍ਰਭਾਵਿਤ ਨਹੀਂ ਹੋਇਆ, ਕਿਉਂਕਿ ਇਸ ਦਾ ਐਲਾਨ ਦੇਰ ਰਾਤ ਕੀਤਾ ਗਿਆ ਸੀ ਅਤੇ ਆਮ ਲੋਕਾਂ ਨੂੰ ਇਸ ਦੀ ਜਾਣਕਾਰੀ ਬਹੁਤ ਦੇਰ ਨਾਲ ਹੋਈ। ਵਰਕਰਾਂ ਨੇ ਕੋਝੀਕੋਡ, ਕੋਲੱਮ, ਇਦੁੱਕੀ ਅਤੇ ਏਰਨਾਕੁਲਮ ਸਮੇਤ ਵੱਖ-ਵੱਖ ਜ਼ਿਲਿਆਂ ਵਿਚ ਵਾਹਨਾਂ ਦੀ ਆਵਾਜਾਈ ਰੋਕੀ। ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਥਾਂਵਾਂ 'ਤੇ ਕੇਰਲ ਸੜਕ ਟਰਾਂਸਪੋਰਟ ਨਿਗਮ ਦੀਆਂ ਬੱਸਾਂ 'ਤੇ ਪਥਰਾਅ ਕੀਤਾ। ਕਈ ਥਾਂਵਾਂ 'ਤੇ ਦੁਕਾਨਾਂ ਅਤੇ ਹੋਟਲ ਬੰਦ ਰਹੇ। ਯੂਨੀਵਰਸਿਟੀ ਅਤੇ ਸਕੂਲ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ। ਪੁਲਸ ਮੁਤਾਬਕ ਯੁਵਾ ਕਾਂਗਰਸ ਦੇ ਦੋ ਵਰਕਰ ਕਾਸਰਗੌਡ ਵਿਚ ਐਤਵਾਰ ਦੀ ਰਾਤ ਨੂੰ ਇਕ ਸਥਾਨਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਪਰਤ ਰਹੇ ਸਨ। ਉਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।

Tanu

This news is Content Editor Tanu