ਸਿਰਸਾ ਡੇਰਾ ਸੱਚਾ ਸੌਚਾ ਪ੍ਰਬੰਧਨ ਖ਼ਿਲਾਫ ਧਰਨਾ, ਡਟੇ 5 ਪਿੰਡ

01/21/2023 10:26:07 AM

ਸਿਰਸਾ (ਨਵਦੀਪ ਸੇਤੀਆ)- ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਪ੍ਰਬੰਧਨ ਖ਼ਿਲਾਫ਼ ਸਿਰਸਾ ਦੇ 5 ਪਿੰਡਾਂ ਦੇ ਵਾਸੀਆਂ ਨੇ ਡੇਰੇ ਖਿਲਾਫ਼ ਧਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡ ਬੇਗੂ ’ਚ ਬੇਗੂ ਤੋਂ ਇਲਾਵਾ ਪਿੰਡ ਨੇਜੀਆ, ਅਰਨੀਆਂਵਾਲੀ, ਬਾਜੇਕਾਂ ਅਤੇ ਅਲੀ ਮੁਹੰਮਦ ਦੇ ਲੋਕਾਂ ਨੇ ਡੇਰਾ ਸੱਚਾ ਸੌਦਾ ਖ਼ਿਲਾਫ਼ ਧਰਨਾ ਲਾ ਦਿੱਤਾ ਹੈ। 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਪਿੰਡ ਸ਼ਾਹ ਸਤਨਾਮਪੁਰਾ ਵਸਾਇਆ ਗਿਆ ਹੈ। ਸ਼ਾਹ ਸਤਨਾਮਪੁਰਾ ਡੇਰੇ ਦਾ ਹੀ ਪਿੰਡ ਹੈ ਅਤੇ 2016 ਦੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਕਾਰ ’ਤੇ ਦਬਾਅ ਪਾ ਕੇ ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਨੇ ਸ਼ਾਹ ਸਤਨਾਮਪੁਰਾ ਨੂੰ ਬਕਾਇਦਾ ਪਿੰਡ ਐਲਾਨ ਕਰਵਾ ਲਿਆ ਸੀ ਅਤੇ ਬਾਕਾਇਦਾ ਇਸ ਨੂੰ ਮਾਲੀਏ ’ਚ ਵੀ ਸ਼ਾਮਲ ਕਰਵਾ ਲਿਆ ਸੀ।

ਡੇਰੇ ਕੋਲ ਡੇਰੇ ਦੇ ਹੈੱਡਕੁਆਰਟਰ ’ਚ ਲਗਭਗ 750 ਏਕੜ ਜ਼ਮੀਨ ਹੈ। ਜਦੋਂ ਸ਼ਾਹ ਸਤਨਾਮਪੁਰਾ ਪਿੰਡ ਵਸਾਇਆ ਗਿਆ ਤਾਂ ਚੱਕਬੰਦੀ ਅਤੇ ਮਾਲੀਏ ਦੇ ਨਿਯਮਾਂ ਅਨੁਸਾਰ ਇਸ ਪਿੰਡ ’ਚ ਆਸ-ਪਾਸ ਦੇ ਪਿੰਡਾਂ ਦੀਆਂ ਵੀ ਕੁਝ ਜ਼ਮੀਨਾਂ ਵੀ ਸ਼ਾਮਲ ਕਰ ਲਈਆਂ ਗਈਆਂ। ਹੁਣ ਨੇਜੀਆ, ਸ਼ਾਹਪੁਰ ਬੇਗੂ, ਅਰਨੀਆਂਵਾਲੀ, ਬਾਜੇਕਾਂ ਅਤੇ ਅਲੀ ਮੁਹੰਮਦ ਦੇ ਵਾਸੀਆਂ ਦਾ ਕਹਿਣਾ ਹੈ ਕਿ ਸ਼ਾਹ ਸਤਨਾਮਪੁਰਾ ਡੇਰੇ ਦਾ ਪਿੰਡ ਹੈ। ਇਸ ਲਈ ਡੇਰਾ ਆਪਣੇ ਪਿੰਡ ’ਚ ਸਿਰਫ਼ ਡੇਰੇ ਦੀ ਜ਼ਮੀਨ ਨੂੰ ਹੀ ਸ਼ਾਮਲ ਕਰੇ। ਪਿੰਡ ਵਾਸੀਆਂ ਦੀ ਮੰਗ ਹੈ ਕਿ ਸ਼ਾਹ ਸਤਨਾਮਪੁਰਾ ਪਿੰਡ ’ਚ ਸਿਰਫ ਡੇਰੇ ਦੀ ਜ਼ਮੀਨ ਹੀ ਜੋੜੀ ਜਾਵੇ।


ਪਿੰਡ ਵਾਸੀਆਂ ਦੇ ਧਰਨੇ ਤੋਂ ਬਾਅਦ ਪੁਲਸ ਅਤੇ ਖੁਫੀਆ ਤੰਤਰ ਵੀ ਸਰਗਰਮ ਵਿਖਾਈ ਦਿੱਤਾ, ਉੱਥੇ ਹੀ ਅਜਿਹੀ ਜਾਣਕਾਰੀ ਮਿਲੀ ਹੈ ਕਿ ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਪਿੰਡ ਵਾਸੀਆਂ ਨੂੰ ਗੱਲਬਾਤ ਲਈ ਬੁਲਾਇਆ ਹੈ। ਡੇਰਾ ਪ੍ਰਬੰਧਕਾਂ ਨਾਲ ਹੋਈ ਮੀਟਿੰਗ ’ਚ ਇਹ ਤੈਅ ਹੋ ਗਿਆ ਹੈ ਕਿ ਸ਼ਾਹ ਸਤਨਾਮਪੁਰਾ ’ਚ ਡੇਰਾ ਸਿਰਫ ਆਪਣੀ ਹੀ ਜ਼ਮੀਨ ਨੂੰ ਸ਼ਾਮਲ ਕਰੇਗਾ। ਦੱਸ ਦੇਈਏ ਕਿ ਹਰਿਆਣਾ ਦੇ ਰੋਹਤਕ ਦੀ  ਸੁਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਦੀ ਪੈਰੋਲ ਮਨਜ਼ੂਰ ਹੋ ਗਈ। ਇਸ ਦੌਰਾਨ ਰਾਮ ਰਹੀਮ 40 ਦਿਨ ਦੀ ਪੈਰੋਲ ਮਿਲੀ ਹੈ। ਇਸ ਦੌਰਾਨ ਉਹ ਯੂ. ਪੀ. ਦੇ ਬਰਵਾਨਾ ਆਸ਼ਰਮ ਵਿਚ ਰਹੇਗਾ। ਰਾਮ ਰਹੀਮ ਨੂੰ ਪਿਛਲੀ ਵਾਰ 15 ਅਕਤੂਬਰ ਨੂੰ 40 ਦਿਨ ਦੀ ਪੈਰੋਲ 'ਤੇ ਆਇਆ ਸੀ ਅਤੇ ਕਰੀਬ 25 ਨਵੰਬਰ ਨੂੰ ਵਾਪਸ ਸੁਨਾਰੀਆ ਜੇਲ੍ਹ ਗਿਆ ਸੀ।

Tanu

This news is Content Editor Tanu