ਕਾਲਾ ਜਠੇੜੀ ਗੈਂਗ ਦੇ ਨਾਂ ਤੋਂ ਪ੍ਰਾਪਰਟੀ ਡੀਲਰ ਤੋਂ ਮੰਗੇ 20 ਲੱਖ ਰੁਪਏ, ਫ਼ੋਨ ਕਰ ਦਿੱਤੀ ਧਮਕੀ

06/07/2023 12:55:56 PM

ਬਹਾਦਰਗੜ੍ਹ- ਹਰਿਆਣਾ ਦੇ ਬਹਾਦਰਗੜ੍ਹ ਦੇ ਇਕ ਪ੍ਰਾਪਰਟੀ ਡੀਲਰ ਤੋਂ ਫ਼ੋਨ 'ਤੇ 20 ਲੱਖ ਰੁਪਏ ਦੀ ਜਬਰੀ ਵਸੂਲੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਕਾਲਾ ਜਠੇੜੀ ਗੈਂਗ ਦਾ ਗੁਰਗਾ ਦੱਸਿਆ ਹੈ। ਰੁਪਏ ਨਾ ਦੇਣ 'ਤੇ ਗੋਲੀ ਮਾਰਨ ਅਤੇ ਅੰਜ਼ਾਮ ਭੁਗਤਨ ਦੀ ਧਮਕੀ ਵੀ ਦਿੱਤੀ। ਧਮਕੀ ਭਰਿਆ ਫ਼ੋਨ ਕਾਲ ਜਠੇੜੀ ਗੈਂਗ ਵਲੋਂ ਕੀਤੀ ਗਈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਹੈ। ਇਹ ਅਜੇ ਜਾਂਚ ਦਾ ਵਿਸ਼ਾ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੇਵੇਂਦਰ ਨੇ ਦੱਸਿਆ ਕਿ ਉਹ ਲਾਈਨਪਾਰ ਦੇ ਨੇਤਾਜੀ ਨਗਰ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਹੈ। ਮੰਗਲਵਾਰ ਸਵੇਰੇ ਉਹ ਘਰ ਵਿਚ ਸੀ ਅਤੇ ਕਰੀਬ ਸਾਢੇ 9 ਵਜੇ ਅਣਜਾਣ ਨੰਬਰ ਤੋਂ ਫ਼ੋਨ ਕਾਲ ਆਈ। ਕਾਲਰ ਨੇ ਕਿਹਾ ਕਿ ਦੇਵੇਂਦਰ ਪਹਿਲਵਾਨ ਬੋਲ ਰਹੇ ਹਨ, ਮੈਂ ਹਾਂ ਕਹਿ ਦਿੱਤੀ। ਰੁਪਇਆ ਦੀ ਗੱਲ ਕਰਨ ਲੱਗਾ ਅਤੇ ਗਾਲ੍ਹਾਂ ਕੱਢਣ ਲੱਗਾ। ਉਸ ਨੇ ਕਿਹਾ ਕਿ ਪਛਾਣ ਲੈ, ਮੈਂ ਕਾਲਾ ਜਠੇੜੀ ਗੈਂਗ ਤੋਂ ਬੋਲ ਰਿਹਾ ਹਾਂ। ਮੈਨੂੰ 20 ਲੱਖ ਰੁਪਏ ਚਾਹੀਦੇ ਹਨ। ਅਖ਼ੀਰ 'ਚ ਕਾਲਾ ਜਠੇੜੀ ਗੈਂਗ ਦਾ ਫਿਰ ਤੋਂ ਨਾਂ ਲੈ ਕੇ ਧਮਕੀ ਦਿੰਦੇ ਹੋਏ ਫੋਨ ਕੱਟ ਦਿੱਤਾ। ਧਮਕੀ ਭਰੀ ਫ਼ੋਨ ਕਾਲ ਆਉਣ ਮਗਰੋਂ ਉਹ ਥਾਣੇ ਪਹੁੰਚਿਆ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।

Tanu

This news is Content Editor Tanu