ਰਾਏਬਰੇਲੀ : ਚੋਣ ਪ੍ਰਚਾਰ ਦੌਰਾਨ ਪ੍ਰਿਅੰਕਾ ਗਾਂਧੀ ਨੇ ਹੱਥ ''ਚ ਫੜਿਆ ਸੱਪ

Thursday, May 02, 2019 - 04:34 PM (IST)

ਰਾਏਬਰੇਲੀ— ਗਰਮ ਚੋਣਾਵੀ ਮਾਹੌਲ ਦਰਮਿਆਨ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀਰਵਾਰ ਯਾਨੀ ਕਿ ਅੱਜ ਆਪਣੀ ਮਾਂ ਸੋਨੀਆ ਗਾਂਧੀ ਦੇ ਲੋਕ ਸਭਾ ਖੇਤਰ ਰਾਏਬਰੇਲੀ ਪੁੱਜੀ ਅਤੇ ਇਕ ਸੱਪ ਨੂੰ ਆਪਣੇ ਹੱਥਾਂ ਵਿਚ ਫੜ ਲਿਆ। ਪ੍ਰਿਅੰਕਾ ਚੋਣ ਪ੍ਰਚਾਰ ਲਈ ਬੇਲਾਵੇਲਾ ਪਿੰਡ ਜਾ ਰਹੀ ਸੀ ਤਾਂ ਰਾਹ ਵਿਚ ਕੁਚਰੀਆ ਪਿੰਡ ਵਿਚ ਸਪੇਰਿਆਂ ਦੀ ਬਸਤੀ ਵਿਚ ਜਾ ਪੁੱਜੀ ਅਤੇ ਉਨ੍ਹਾਂ ਨਾਲ ਕਾਫੀ ਦੇਰ ਤਕ ਗੱਲਬਾਤ ਕੀਤੀ। ਉਸ ਦੌਰਾਨ ਉਨ੍ਹਾਂ ਦਾ ਚੋਣ ਪ੍ਰਚਾਰ ਕਵਰ ਕਰ ਰਹੇ ਫੋਟੋ ਪੱਤਰਕਾਰ ਨੂੰ ਇਹ ਹੈਰਾਨੀਜਨਕ ਨਜ਼ਾਰਾ ਦੇਖਣ ਨੂੰ ਮਿਲਿਆ। ਪਿੰਡ ਵਿਚ ਸਪੇਰਿਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਨਾ ਸਿਰਫ ਇਕ ਸੱਪ ਨੂੰ ਫੜਿਆ, ਸਗੋਂ ਉਸ ਨਾਲ ਕੁਝ ਦੇਰ ਖੇਡਦੀ ਵੀ ਰਹੀ। 



ਜਦੋਂ ਭੀੜ 'ਚੋਂ ਕਿਸੇ ਨੇ ਉਨ੍ਹਾਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਨਹੀਂ ਹੋਵੇਗਾ ਸਭ ਠੀਕ ਹੈ। ਪ੍ਰਿਅੰਕਾ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਮੇਰੀ ਮਾਂ ਤੁਹਾਡੀ ਉਮੀਦਵਾਰ ਹੈ, ਤੁਸੀਂ ਪਹਿਲਾਂ ਵੀ ਉਨ੍ਹਾਂ ਨੂੰ ਜਿਤਾਇਆ, ਉਨ੍ਹਾਂ ਨੇ ਵਿਕਾਸ ਦੇ ਕੰਮ ਕਰ ਕੇ ਦਿਖਾਏ। ਤੁਹਾਡੇ ਖੇਤਰ ਵਿਚ ਅਜਿਹਾ ਉਮੀਦਵਾਰ ਹੈ, ਜੋ ਤੁਹਾਡੀਆਂ ਸਮੱਸਿਆਵਾਂ ਨੂੰ ਸਮਝੇ, ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇ।

ਜਿੱਥੋਂ ਤਕ ਭਾਜਪਾ ਦੇ ਉਮੀਦਵਾਰ ਦਾ ਸਵਾਲ ਹੈ, ਉਨ੍ਹਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਮੈਂ ਵੀ ਚੰਗੀ ਤਰ੍ਹਾਂ ਨਾਲ ਜਾਣਦੀ ਹਾਂ। ਉਨ੍ਹਾਂ ਲਈ ਜਨਤਾ ਦੀ ਕੋਈ ਅਹਿਮੀਅਤ ਨਹੀਂ ਹੈ। ਦੱਸਣਯੋਗ ਹੈ ਕਿ ਰਾਏਬਰੇਲੀ ਵਿਚ ਸੋਨੀਆ ਗਾਂਧੀ ਦਾ ਸਿੱਧਾ ਮੁਕਾਬਲਾ ਭਾਜਪਾ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨਾਲ ਹੈ, ਜੋ ਹਾਲ ਹੀ ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਇੱਥੇ 5ਵੇਂ ਗੇੜ ਵਿਚ 6 ਮਈ ਨੂੰ ਵੋਟਾਂ ਪੈਣਗੀਆਂ।

Tanu

This news is Content Editor Tanu