ਪੀ. ਐੱਮ. ਮੋਦੀ ਦਾ ਐਲਾਨ- 80 ਕਰੋੜ ਲੋਕਾਂ ਨੂੰ ਨਵੰਬਰ ਤੱਕ ਮਿਲੇਗਾ ਮੁਫ਼ਤ ਅਨਾਜ

06/30/2020 4:44:24 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਭਾਵ ਅੱਜ 6ਵੀਂ ਵਾਰ ਦੇਸ਼ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਗਰੀਬ ਅਤੇ ਲੋੜਵੰਦਾਂ ਲਈ ਇਕ ਵੱਡਾ ਐਲਾਨ ਵੀ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਮੁਫ਼ਤ ਅਨਾਜ ਦੇਣ ਵਾਲੀ ਯੋਜਨਾ ਹੁਣ ਅਗਲੇ 5 ਮਹੀਨਿਆਂ ਤੱਕ ਜਾਰੀ ਰਹੇਗੀ। 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇਣ ਵਾਲੀ ਯੋਜਨਾ ਜੁਲਾਈ, ਅਗਸਤ, ਸਤੰਬਰ, ਅਕਤੂਬਰ ਅਤੇ ਨਵੰਬਰ ਤੱਕ ਜਾਰੀ ਰਹੇਗੀ। ਤਾਲਾਬੰਦੀ ਹੁੰਦੇ ਹੀ ਇਹ ਯੋਜਨਾ ਲਿਆਂਦੀ ਗਈ। ਇਨ੍ਹਾਂ 5 ਮਹੀਨਿਆਂ ਦੇ ਅੰਦਰ ਹੀ 80 ਕਰੋੜ ਤੋਂ ਵਧੇਰੇ ਲੋਕਾਂ ਨੂੰ 5 ਕਿਲੋ ਅਨਾਜ ਜਾਂ 5 ਕਿਲੋ ਚੌਲ ਦਿੱਤੇ ਜਾਣਗੇ। ਨਾਲ ਹੀ ਹਰੇਕ ਪਰਿਵਾਰ ਨੂੰ ਇਕ ਕਿਲੋ ਛੋਲੇ ਵੀ ਮੁਫ਼ਤ ਦਿੱਤੇ ਜਾਣਗੇ।

ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ, ਅਨਲਾਕ-1 ਤੋਂ ਬਾਅਦ ਲਾਪ੍ਰਵਾਹੀ ਵਧੀ ਹੈ, ਜੋ ਚਿੰਤਾ ਦਾ ਕਾਰਨ ਹੈ। ਕੋਰੋਨਾ ਵਾਇਰਸ ਨਾਲ ਲੜਦੇ-ਲੜਦੇ ਅਸੀਂ ਅਨਲਾਕ-2 'ਚ ਐਂਟਰੀ ਕਰ ਰਹੇ ਹਾਂ। ਅਸੀਂ ਉਸ ਮੌਸਮ ਵਿਚ ਪ੍ਰਵੇਸ਼ ਕਰ ਰਹੇ ਹਾਂ, ਜਿੱਥੇ ਸਰਦੀ-ਜ਼ੁਕਾਮ-ਬੁਖਾਰ ਇਹ ਸਾਰੇ ਮਾਮਲੇ ਵੱਧ ਰਹੇ ਹਨ। ਦੇਸ਼ ਵਾਸੀਆਂ ਨੂੰ ਉਨ੍ਹਾਂ ਕਿਹਾ ਕਿ ਮੌਸਮ ਵਿਚ ਬਦਲਾਅ ਹੋ ਰਿਹਾ ਹੈ, ਆਪਣਾ ਧਿਆਨ ਰੱਖੋ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਮੇਂ 'ਤੇ ਤਾਲਾਬੰਦੀ ਨੇ ਭਾਰਤ 'ਚ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡ ਦਾ ਪ੍ਰਧਾਨ ਹੋਵੇ ਜਾਂ ਦੇਸ਼ ਦਾ ਪੀ. ਐੱਮ. ਨਿਯਮਾਂ ਦੇ ਉੱਪਰ ਕੋਈ ਨਹੀਂ ਹੈ। ਜੇਕਰ ਕੋਰੋਨਾ ਨਾਲ ਮੌਤ ਦਰ ਨੂੰ ਦੇਖੀਏ ਤਾਂ ਕਈ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਦੀ ਸਥਿਤੀ ਸੰਭਲੀ ਹੋਈ ਹੈ। ਦੇਸ਼ ਦੇ ਨਾਗਰਿਕਾਂ ਨੂੰ ਉਸੇ ਤਰ੍ਹਾਂ ਦੀ ਚੌਕਸੀ ਵਰਤਣੀ ਹੋਵੇਗੀ। ਕੰਟੇਨਮੈਂਟ ਜ਼ੋਨ 'ਤੇ ਸਾਨੂੰ ਖਾਸ ਧਿਆਨ ਦੇਣਾ ਹੋਵੇਗਾ। 

ਤਾਲਾਬੰਦੀ ਹੁੰਦੇ ਹੀ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਲੈ ਕੇ ਆਈ। ਇਸ ਯੋਜਨਾ ਤਹਿਤ ਗਰੀਬਾਂ ਲਈ ਪੌਣੇ 2 ਲੱਖ ਕਰੋੜ ਰੁਪਏ ਦਾ ਪੈਕੇਜ ਦਾ ਐਲਾਨ ਕੀਤਾ ਗਿਆ। ਬੀਤੇ 3 ਮਹੀਨਿਆਂ ਵਿਚ 20 ਕਰੋੜ ਗਰੀਬ ਪਰਿਵਾਰਾਂ ਦੇ ਜਨਧਨ ਖਾਤਿਆਂ ਵਿਚ ਸਿੱਧੇ 31 ਹਜ਼ਾਰ ਕਰੋੜ ਜਮ੍ਹਾ ਕਰਵਾਏ ਗਏ। ਇਸ ਦੌਰਾਨ 9 ਕਰੋੜ ਤੋਂ ਵਧੇਰੇ ਕਿਸਾਨਾਂ ਦੇ ਬੈਂਕ ਖਾਤਿਆਂ 'ਚ 18 ਹਜ਼ਾਰ ਕਰੋੜ ਜਮਾਂ ਹੋਏ ਹਨ। ਇਸ ਦੇ ਨਾਲ ਹੀ ਪਿੰਡਾਂ 'ਚ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜ਼ਗਾਰ ਮੁਹਿੰਮ ਤੇਜ਼ ਰਫ਼ਤਾਰ ਨਾਲ ਸ਼ੁਰੂ ਕਰ ਦਿੱਤੀ ਗਈ ਹੈ।

Tanu

This news is Content Editor Tanu