ਦੋ ਦਿਨਾਂ ਦੌਰੇ ''ਤੇ ਚੀਨ ਰਵਾਨਾ ਹੋਏ ਪੀ. ਐੱਮ. ਮੋਦੀ, ਸ਼ੀ ਜਿਨਪਿੰਗ ਨਾਲ ਕਰਨਗੇ ਬੈਠਕ

04/26/2018 5:56:16 PM

ਨਵੀਂ ਦਿੱਲੀ/ਬੀਜਿੰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਲਈ ਰਵਾਨਾ ਹੋ ਗਏ ਹਨ। ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਚੀਨ ਦੇ ਸ਼ਹਿਰ ਵੁਹਾਨ 'ਚ 27-28 ਅਪ੍ਰੈਲ ਨੂੰ ਬੈਠਕ ਹੋਵੇਗੀ। ਇਹ ਗੈਰ ਰਸਮੀ ਸ਼ਿਖਰ ਸੰਮੇਲਨ 2 ਦਿਨਾਂ ਤੱਕ ਚਲੇਗਾ। ਉੱਥੇ ਹੀ ਸ਼ੀ ਜਿਨਪਿੰਗ ਵੀਰਵਾਰ ਨੂੰ ਵੁਹਾਨ ਸ਼ਹਿਰ ਪਹੁੰਚ ਗਏ ਹਨ। ਇਸ ਬੈਠਕ ਵਿਚ ਦੋਹਾਂ ਨੇਤਾਵਾਂ ਵਿਚਾਲੇ ਭਾਰਤ-ਚੀਨ ਨਾਲ ਜੁੜੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਵੇਗੀ। 
ਚੀਨ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਟਵੀਟ ਕੀਤਾ ਕਿ ਮੈਂ ਚੀਨ ਦੇ ਸ਼ਹਿਰ ਵੁਹਾਨ ਦੀ ਯਾਤਰਾ 'ਤੇ ਜਾ ਰਿਹਾ ਹਾਂ, ਜਿੱਥੇ 27-28 ਅਪ੍ਰੈਲ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੈਰ ਰਸਮੀ ਸ਼ਿਖਰ ਬੈਠਕ ਹੋਵੇਗੀ। ਉਨ੍ਹਾਂ ਟਵੀਟ ਕੀਤਾ ਕਿ ਸ਼ੀ ਅਤੇ ਮੈਂ ਦੋ-ਪੱਖੀ ਅਤੇ ਵੈਸ਼ਵਿਕ ਮਹੱਤਵ ਦੇ ਵਿਸ਼ਿਆਂ 'ਤੇ ਚਰਚਾ ਕਰਾਂਗੇ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਾਂਗੇ। ਪੀ. ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਇਸ ਬੈਠਕ ਵਿਚ ਭਾਰਤ-ਚੀਨ ਸੰਬੰਧਾਂ ਦੇ ਰਣਨੀਤਕ ਅਤੇ ਲੰਬੇ ਸਮੇਂ ਦੇ ਪਹਿਲੂਆਂ ਦੇ ਸੰਦਰਭ ਵਿਚ ਸਮੀਖਿਆ ਕੀਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਵੁਹਾਨ ਚੀਨ ਦਾ ਇਕ ਪ੍ਰਸਿੱਧ ਸ਼ਹਿਰ ਹੈ, ਜਿੱਥੇ ਯਾਗਤਸੇ ਨਦੀ ਵਗਦੀ ਹੈ ਅਤੇ ਇੱਥੇ ਤਿੰਨ ਬੰਨ੍ਹ ਵੀ ਹਨ। ਮੋਦੀ ਅਤੇ ਸ਼ੀ ਦੀ ਬੈਠਕ ਲਈ ਇਸ ਸ਼ਹਿਰ ਦੀ ਚੋਣ ਕਾਫੀ ਸੋਚ-ਸਮਝ ਕੇ ਕੀਤੀ ਗਈ ਹੈ।