ਆਸਟ੍ਰੇਲੀਆ ਪੁੱਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਹੋਇਆ ਨਿੱਘਾ ਸਵਾਗਤ

11/21/2018 9:19:28 AM

ਸਿਡਨੀ(ਏਜੰਸੀ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਪੁੱਜ ਗਏ ਹਨ। ਇੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਉਹ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਦਾ ਦੌਰਾ ਕੀਤਾ, ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਰਾਸ਼ਟਰਪਤੀ ਨੇ ਇੱਥੋਂ ਦਾ ਦੌਰਾ ਨਹੀਂ ਕੀਤਾ ਸੀ। ਉਹ ਇਸ ਦੌਰੇ ਦੌਰਾਨ ਰੱਖਿਆ, ਕਾਰੋਬਾਰ ਅਤੇ ਦੋ-ਪੱਖੀ ਸਹਿਯੋਗ ਅਤੇ ਚੰਗੇ ਸਬੰਧਾਂ ਨੂੰ ਬਣਾਈ ਰੱਖਣ ਲਈ ਗੱਲਬਾਤ ਕਰਨਗੇ।


ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਵੀਅਤਨਾਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਮਿਲਿਆ।

ਹੁਣ ਉਹ 3 ਦਿਨਾਂ ਲਈ ਆਸਟ੍ਰੇਲੀਆ 'ਚ ਰਹਿਣਗੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਵਿਤਾ ਕੋਵਿੰਦ ਵੀ ਗਏ ਹਨ। ਜਾਣਕਾਰੀ ਮੁਤਾਬਕ ਉਹ ਮੈਲਬੌਰਨ ਦੀ ਯੂਨੀਵਰਸਿਟੀ 'ਚ ਵੀ ਜਾਣਗੇ ਅਤੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। ਵੀਰਵਾਰ ਨੂੰ ਸਿਡਨੀ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਉਨ੍ਹਾਂ ਦੀ ਮੂਰਤੀ ਦੀ ਘੁੰਡ ਚੁਕਾਈ ਕਰਨਗੇ। ਸ਼ੁੱਕਰਵਾਰ ਨੂੰ ਉਹ ਵਿਕਟੋਰੀਆ ਦੀ ਗਵਰਨਰ ਲਿੰਦਾ ਡੇਸਾਉ ਅਤੇ ਵਿਰੋਧੀ ਦਲ ਦੇ ਨੇਤਾ ਬਿਲ ਸ਼ਾਰਟਨ ਨਾਲ ਵੀ ਮੁਲਾਕਾਤ ਕਰਨਗੇ।