ਕੇਜਰੀਵਾਲ ਦੀ ਮੁਆਫ਼ੀ: ਦਿੱਲੀ ''ਚ ਪੋਸਟਰ, ਮੈਂ ਝੂਠਾ ਮੁੱਖ ਮੰਤਰੀ ਹਾਂ

03/17/2018 12:37:33 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਕਾਲੀ ਨੇਤਾ ਬਿਕਰਮ ਮਜੀਠੀਆ ਤੋਂ ਲਿਖਤੀ ਮੁਆਫ਼ੀ ਮੰਗਣ ਦੇ ਮਾਮਲੇ 'ਚ ਇਕ ਪਾਸੇ ਤਾਂ ਪਾਰਟੀ 'ਚ ਘਮਾਸਾਨ ਮਚਿਆ ਹੈ ਅਤੇ ਦੂਜੇ ਪਾਸੇ ਵਿਰੋਧੀ ਨੇਤਾ ਵੀ ਤੰਜ਼ ਕੱਸਣ ਪਿੱਛੇ ਨਹੀਂ ਹਟ ਰਹੇ ਹਨ। ਰਾਜੌਰੀ ਗਾਰਡਨ ਤੋਂ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਤਾਂ ਅਰਵਿੰਦ ਕੇਜਰੀਵਾਲ ਦੀ ਤਸਵੀਰ ਵਾਲੇ ਪੋਸਟਰ 'ਚ ਲਿਖਿਆ ਹੈ,''ਮੈਂ ਇਕ ਝੂਠਾ ਮੁੱਖ ਮੰਤਰੀ ਹਾਂ।'' ਇਸ ਦੇ ਨਾਲ ਹੀ ਕੇਜਰੀਵਾਲ ਵੱਲੋਂ ਮਜੀਠੀਆ ਨੂੰ ਲਿਖਿਆ ਗਿਆ ਪੱਤਰ ਵੀ ਛਾਪਿਆ ਗਿਆ ਹੈ। ਦਿੱਲੀ 'ਚ ਕਈ ਜਗ੍ਹਾ ਸੜਕਾਂ 'ਤੇ ਇਹ ਪੋਸਟਰ ਦੇਖਣ ਨੂੰ ਮਿਲੇ।
ਮਨਜਿੰਦਰ ਸਿੰਘ ਸਿਰਸਾ ਨੇ 2017 'ਚ ਹੋਈਆਂ ਉੱਪ ਚੋਣਾਂ 'ਚ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਕੇਜਰੀਵਾਲ 'ਤੇ ਤੰਜ਼ ਕੱਸਦੇ ਹੋਏ ਪੋਸਟਰ 'ਚ ਲਿਖਵਾਇਆ ਹੈ,''ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਲਿਖਤੀ 'ਚ ਕਬੂਲਿਆ- ਮੈਂ ਇਕ ਝੂਠਾ ਮੁੱਖ ਮੰਤਰੀ ਹਾਂ।'' ਮੁੱਖ ਮੰਤਰੀ ਕੇਜਰੀਵਾਲ ਦੇ ਮੁਆਫ਼ੀਨਾਮੇ ਤੋਂ ਬਾਅਦ 'ਆਪ' ਦੇ ਪੰਜਾਬ ਇੰਚਾਰਜ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 'ਆਪ' ਦੇ ਬਾਗੀ ਨੇਤਾ ਕੁਮਾਰ ਵਿਸ਼ਵਾਸ ਵੀ ਇਸ 'ਤੇ ਤੰਜ਼ ਕੱਸ ਚੁਕੇ ਹਨ। 'ਆਪ' ਨੇਤਾ ਸੰਜੇ ਸਿੰਘ ਨੇ ਵੀ ਕਿਹਾ ਕਿ ਉਹ ਡਰੱਗਜ਼ ਦੇ ਮਾਮਲੇ 'ਚ ਮਜੀਠੀਆ ਨੂੰ ਜੇਲ ਪਹੁੰਚਾ ਕੇ ਹੀ ਰਹਿਣਗੇ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਉਨ੍ਹਾਂ 'ਤੇ ਕੀਤੇ ਗਏ ਮਾਣਹਾਨੀ ਕੇਸ 'ਚ ਮੁਆਫ਼ੀ ਮੰਗ ਲਈ ਹੈ। ਪੰਜਾਬ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਉਨ੍ਹਾਂ ਨੂੰ ਡਰੱਗ ਮਾਫੀਆ ਦੱਸਿਆ ਸੀ। ਇਸ ਸੰਬੰਧ 'ਚ ਲਿਖਤੀ ਮੁਆਫ਼ੀ ਅਦਾਲਤ 'ਚ ਜਮ੍ਹਾ ਕਰਵਾਈ ਗਈ ਹੈ। ਦਰਅਸਲ ਆਮ ਆਦਮੀ ਪਾਰਟੀ ਹੁਣ ਆਪਣੇ ਨੇਤਾਵਾਂ 'ਤੇ ਚੱਲ ਰਹੇ ਮਾਣਹਾਨੀ ਦੇ ਸਾਰੇ ਕੇਸ ਖਤਮ ਕਰਨ ਦੀ ਕੋਸ਼ਿਸ਼ 'ਚ ਜੁਟੀ ਹੈ।