ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ, SC ਨੇ ਕਿਹਾ- ਸੰਭਵ ਹੋਵੇ ਤਾਂ 2 ਦਿਨ ਦਾ ਲਾਕਡਾਊਨ ਲਗਾ ਦਿਓ

11/13/2021 12:55:13 PM

ਨੈਸ਼ਨਲ ਡੈਸਕ- ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ’ਚ ਪ੍ਰਦੂਸ਼ਣ ਦੇ ਮੁੱਦੇ ’ਤੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੇ ਅੱਜ ਯਾਨੀ ਸ਼ਨੀਵਾਰ ਨੂੰ ਸੁਣਵਾਈ ਕਰਦੇ ਹੋਏ ਕਿਹਾ ਕਿ ਹਾਲਾਤ ਕਿਸ ਤਰ੍ਹਾਂ ਦੇ ਹਨ ਸਭ ਜਾਣਦੇ ਹਨ। ਇੱਥੇ ਤੱਕ ਕਿ ਅਸੀਂ ਘਰ ’ਚ ਵੀ ਮਾਸਕ ਲਗਾਉਂਦੇ ਹਾਂ। ਇਹ ਦੱਸੋ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੀ ਕਦਮ ਚੁੱਕੇ ਗਏ ਹਨ। ਪਰਾਲੀ ਸਾੜਨ ਨਾਲ ਹਾਲਾਤ ਖ਼ਰਾਬ ਹੋਏ ਹਨ। ਕੇਂਦਰ ਸਰਕਾਰ ਦੀ ਵਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਹੁਣ ਤੱਕ ਕੀ ਕਦਮ ਚੁੱਕੇ ਗਏ? ਇਸ ਦੌਰਾਨ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਵਧੇ ਹੋਏ ਪੱਧਰ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏਸਰਕਾਰ ਨੂੰ ਪ੍ਰਦੂਸ਼ਣ ਨਾਲ ਨਜਿੱਠਣ ਲਈ ਤੁਰੰਤ ਉਪਾਅ ਦੇ ਤੌਰ ’ਤੇ 2 ਦਿਨ ਦਾ ਲਾਕਡਾਊਨ ਲਗਾਉਣ ਦੀ ਸਲਾਹ ਵੀ ਦਿੱਤੀ।

ਸੁਪਰੀਮ ਕੋਰਟ ’ਚ ਸਵੇਰੇ ਜਦੋਂ ਇਸ ਮਾਮਲੇ ’ਤੇ ਸੁਣਵਾਈ ਸ਼ੁਰੂ ਹੋਈ ਤਾਂ ਚੀਫ਼ ਜਸਟਿਸ (ਸੀ.ਜੇ.ਆਈ.) ਰਮੰਨਾ ਨੇ ਸਿੱਧੇ ਸਰਕਾਰ ਤੋਂ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਤੁਸੀਂ ਦੇਖ ਰਹੋ ਹੋ ਕਿ ਸਥਿਤੀ ਕਿੰਨੀ ਖ਼ਤਰਨਾਕ ਹੈ। ਸਾਨੂੰ ਘਰਾਂ ’ਚ ਵੀ ਮਾਸਕ ਲਗਾ ਕੇ ਬੈਠਣਾ ਪਵੇਗਾ। ਆਖ਼ਰ ਕੀ ਕਦਮ ਚੁੱਕੇ ਜਾ ਰਹੇ ਹਨ। ਇਸ ’ਤੇ ਕੇਂਦਰ ਵਲੋਂ ਪੇਸ਼ ਹੋਏ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਪਹਿਲਾ ਕਾਰਨ ਪਰਾਲੀ ਸਾੜਿਆ ਜਾਣਾ ਹੈ। ਐੱਸ.ਜੀ. ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੁਝ ਨਿਯਮ ਹੋਣੇ ਚਾਹੀਦੇ ਹਨ, ਜਿਸ ਨਾਲ ਸੂਬਾ ਸਰਕਾਰਾਂ ਉਨ੍ਹਾਂ ’ਤੇ ਕਾਰਵਾਈ ਕਰ ਸਕਣ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ’ਚ ਹਵਾ ਪ੍ਰਦੂਸ਼ਣ ਬੇਹੱਦ ਖ਼ਰਾਬ ਪੱਧਰ ’ਤੇ ਬਣਿਆ ਹੋਇਆ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਰੋਕ ਲਗਾਉਣ, ਕਮਿਸ਼ਨ ਬਣਾਉਣ ਵਰਗੇ ਸਰਕਾਰ ਦੇ ਪੁਰਾਣੇ ਵਾਅਦਿਆਂ ’ਤੇ ਵੀ ਕੋਰਟ ਪੁੱਛ-ਗਿੱਛ ਕਰ ਸਕਦਾ ਹੈ। ਉੱਤਰ ਪ੍ਰਦੇਸ ਦੇ ਸ਼ਹਿਰਾਂ ’ਚ ਵੀ ਧੁੰਦ ਦਾ ਕਹਿਰ ਜਾਰੀ ਹੈ। ਸਵੇਰ ਦੇ ਸਮੇਂ ਹਰ ਪਾਸੇ ਖ਼ਤਰਨਾਕ ਧੁੰਦ ਦੀ ਚਾਰ ਫ਼ੈਲੀ ਹੈ। ਦਿੱਲੀ ’ਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ ਕਰੀਬ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਹਵਾ ਦੀ ਗਤੀ ਘੱਟ ਹੋਣ ਕਾਰਨ ਪ੍ਰਦੂਸ਼ਣ ਕਾਰਕ ਤੱਤਾਂ ਦੀ ਮਾਤਰਾ ਵੱਧ ਰਹੀ।

ਇਹ ਵੀ ਪੜ੍ਹੋ : ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੀਫ਼ ਜਸਟਿਸ ਨੇ ਕਿਹਾ- ‘ਅਸੀਂ ਘਰਾਂ ’ਚ ਵੀ ਮਾਸਕ ਲਾਉਣ ਨੂੰ ਮਜ਼ਬੂਰ’

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 

DIsha

This news is Content Editor DIsha