ਛੱਤੀਸਗੜ੍ਹ 'ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਜਾਰੀ

11/12/2018 9:19:05 AM

ਰਾਏਪੁਰ, (ਭਾਸ਼ਾ)—ਛੱਤੀਸਗੜ੍ਹ ਵਿਖੇ ਸੋਮਵਾਰ ਨੂੰ ਪਹਿਲੇ ਗੇੜ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਪਹਿਲੇ ਪੜਾਅ 'ਚ 18 ਸੀਟਾਂ 'ਚੋਂ 10 'ਤੇ ਸਵੇਰੇ 7 ਵਜੇ ਤੋਂ ਅਤੇ ਬਾਕੀ 8 ਸੀਟਾਂ ਲਈ ਸਵੇਰੇ 8 ਵਜੇ ਤੋਂ ਵੋਟਿੰਗ ਹੋ ਰਹੀ ਹੈ। ਨਕਸਲ ਪ੍ਰਭਾਵਿਤ ਜ਼ਿਲਿਆਂ ਬਸਤਰ ਅਤੇ ਰਾਜਨੰਦਗਾਮ ਖੇਤਰ ਦੇ ਵੋਟਰ 190 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਉਕਤ ਖੇਤਰਾਂ ਦੇ 31,79,520 ਵੋਟਰ ਮੁੱਖ ਮੰਤਰੀ ਰਮਨ ਸਿੰਘ, ਉਨ੍ਹਾਂ ਦੇ ਮੰਤਰੀ  ਮੰਡਲ ਦੇ ਦੋ ਸਾਥੀਆਂ, ਭਾਜਪਾ ਦੇ ਇਕ ਐੱਮ. ਪੀ. ਅਤੇ ਕਾਂਗਰਸ ਦੇ ਦੋ ਸੀਨੀਅਰ ਆਗੂਆਂ ਦੀ  ਸਿਆਸੀ ਕਿਸਮਤ ਦਾ ਫੈਸਲਾ ਕਰਨਗੇ।


ਜਿਨ੍ਹਾਂ 18 ਹਲਕਿਆਂ ਵਿਚ ਵੋਟਾਂ ਪੈ ਰਹੀਆਂ ਹਨ, ਉਨ੍ਹਾਂ ਵਿਚੋਂ 12 ਹਲਕੇ ਬਸਤਰ ਖੇਤਰ ਵਿਚ ਆਉਂਦੇ ਹਨ। ਬਾਕੀ ਦੇ 6 ਹਲਕੇ ਰਾਜਨੰਦਗਾਮ ਜ਼ਿਲੇ ਵਿਚ ਹਨ।18 ਵਿਚੋਂ 12 ਸੀਟਾਂ ਅਨੁਸੂਚਿਤ ਜਨਜਾਤੀਆਂ ਲਈ ਰਾਖਵੀਆਂ ਹਨ ਜਦਕਿ ਇਕ ਸੀਟ ਅਨੁਸੂਚਿਤ ਜਾਤੀਆਂ ਲਈ ਰਾਖਵੀਂ ਹੈ।ਅਧਿਕਾਰੀਆਂ ਮੁਤਾਬਕ 10 ਹਲਕਿਆਂ 'ਚ ਦੁਪਹਿਰ 3 ਵਜੇ ਤਕ ਅਤੇ 8 ਹਲਕਿਆਂ 'ਚ ਸ਼ਾਮ 5 ਵਜੇ ਤਕ ਵੋਟਾਂ ਪੈਣਗੀਆਂ।
ਸਖਤ ਸੁਰੱਖਿਆ ਪ੍ਰਬੰਧ— 
ਸੂਬੇ ਦੇ ਨਕਸਲ ਪ੍ਰਭਾਵਿਤ ਖੇਤਰਾਂ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਫੌਜ ਦੇ ਲਗਭਗ ਸਵਾ ਲੱਖ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਕਾਰਨ ਮੋਬਾਇਲ ਚੈੱਕ ਪੋਸਟ ਵੀ ਬਣਾਇਆ ਗਿਆ ਹੈ।