ਨਿੱਜੀ ਸਕੂਲਾਂ ਵਲੋਂ ਪੁਸਤਕਾਂ ਦੀ ਮਨਮਾਨੇ ਢੰਗ ਨਾਲ ਵਿਕਰੀ ਰੋਕਣ ਲਈ ਬਣੇਗੀ ਨੀਤੀ : CM ਖੱਟੜ

04/29/2023 4:32:09 PM

ਫਰੀਦਾਬਾਦ (ਵਾਰਤਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਨਿੱਜੀ ਸਕੂਲਾਂ ਨੂੰ ਮਨਮਾਨੇ ਢੰਗ ਨਾਲ ਮਹਿੰਗੇ ਭਾਅ 'ਤੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਨੋਟਬੁੱਕਾਂ ਵੇਚਣ ਤੋਂ ਰੋਕਣ ਲਈ ਨੀਤੀ ਬਣਾਈ ਜਾਵੇਗੀ ਤਾਂ ਜੋ ਮਾਪਿਆਂ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੀ ਖੱਟੜ ਨੇ ਸ਼ਨੀਵਾਰ ਨੂੰ ਇੱਥੇ ਐੱਚ.ਐੱਸ.ਵੀ.ਪੀ ਕਨਵੈਨਸ਼ਨ ਸੈਂਟਰ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਇਸ ਸਬੰਧ ਵਿਚ ਪ੍ਰਾਪਤ ਸ਼ਿਕਾਇਤਾਂ 'ਤੇ ਇਹ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਤਹਿਤ ਕਿਤਾਬਾਂ ਦੇ ਪੰਨਿਆਂ ਅਤੇ ਕਾਗਜ਼ਾਂ ਦੀ ਗੁਣਵੱਤਾ ਦੇ ਆਧਾਰ 'ਤੇ ਰੇਟ ਤੈਅ ਕੀਤੇ ਜਾਣਗੇ ਅਤੇ ਸੂਬਾ ਪੱਧਰ 'ਤੇ ਕਿਤਾਬਾਂ ਦੀ ਸੂਚੀ ਬਣਾ ਕੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਪ੍ਰਾਈਵੇਟ ਸਕੂਲ ਦੀ ਨਿਰਧਾਰਤ ਸਲੈਬ ਅਨੁਸਾਰ ਫੀਸ ਵਸੂਲਣ ਦੇ ਹੁਕਮ ਵੀ ਦਿੱਤੇ।

ਮੁੱਖ ਮੰਤਰੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਐੱਚ.ਐੱਸ.ਵੀ.ਪੀ.) ਦੇ ਅਧੀਨ ਅਲਾਟ ਪਲਾਟ ਸਾਈਜ਼ ਦੇ ਵਿਵਾਦਾਂ ਲਈ ਅਧਿਕਾਰੀਆਂ ਨੂੰ ਨੀਤੀ ਬਣਾਉਣ ਦੇ ਆਦੇਸ਼ ਦਿੱਤੇ। ਇਸ ਨੀਤੀ ਦੇ ਅਧੀਨ ਐੱਚ.ਐੱਸ.ਵੀ.ਪੀ. 'ਚ ਜਿਹੜੇ ਵੀ ਪਲਾਟ ਹੋਲਡਰਾਂ ਦੇ ਪਲਾਟ 20 ਫੀਸਦੀ ਤੋਂ ਘੱਟ ਅਤੇ ਜ਼ਿਆਦਾ ਹਨ ਤਾਂ ਉਨ੍ਹਾਂ ਨੂੰ ਬਿਨੈਕਾਰ ਦੀ ਮੰਗ ਅਨੁਰੂਪ ਸਹੀ ਸਾਈਜ਼ ਦੇ ਪਲਾਟ ਮੁੜ ਅਲਾਟ ਕੀਤੇ ਜਾਣ। ਇਸ ਨਾਲ ਸਾਰੇ ਅਜਿਹੇ ਪਲਾਟ ਧਾਰਕਾਂ ਨੂੰ ਰਾਹਤ ਪਹੁੰਚੇਗੀ। ਉਨ੍ਹਾਂ ਨੇ ਸੀ.ਐੱਮ. ਵਿੰਡੋ 'ਤੇ ਬਿਨਾਂ ਵਜ੍ਹਾ ਆਉਣ ਵਾਲੀਆਂ ਸ਼ਿਕਾਇਤਾਂ ਤੋਂ ਅਧਿਕਾਰੀਆਂ ਨੂੰ ਕੰਮ ਕਰਨ 'ਚ ਹੋ ਰਹੀ ਪਰੇਸ਼ਾਨੀ ਦੇਖਦੇ ਹੋਏ ਕਿਹਾ ਕਿ ਹੁਣ ਇਕ ਹੀ ਫੋਨ ਨੰਬਰ ਨਾਲ 20 ਤੋਂ ਵੱਧ ਸ਼ਿਕਾਇਤਾਂ ਲਗਾਉਣ ਵਾਲਿਆਂ ਦੀ ਨਿਗਰਾਨੀ ਕੀਤੀ ਜਾਵੇਗੀ। 

DIsha

This news is Content Editor DIsha