ਹਰਿਆਣਾ: ਨੌਕਰੀ ਦੀ ਮੰਗ ਨਾ ਪੂਰੀ ''ਤੇ ਰੋਡਵੇਜ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ, ਪੁਲਸ ਨੇ ਕੀਤਾ ਲਾਠੀਚਾਰਜ

08/03/2019 11:20:09 AM

ਚੰਡੀਗੜ੍ਹ/ਪੰਚਕੂਲਾ- ਹਰਿਆਣਾ ਰੋਡਵੇਜ਼ ਦੀ ਹੜਤਾਲ ਦੌਰਾਨ ਰੱਖੇ ਗਏ ਅਸਥਾਈ ਡਰਾਈਵਰਾਂ-ਕੰਡਕਟਰਾਂ ਨੇ ਪੱਕੀ ਨੌਕਰੀ ਲਈ ਸ਼ੁੱਕਰਵਾਰ ਨੂੰ ਫਿਰ ਚੰਡੀਗੜ੍ਹ ’ਚ ਵੜਨ ਦੀ ਕੋਸ਼ਿਸ਼ ਕੀਤੀ ਅਤੇ ਹਰਿਆਣਾ ਵਿਧਾਨਸਭਾ ਘੇਰਨ ਨਿਕਲੇ। ਚੰਡੀਗੜ੍ਹ ਅਤੇ ਪੰਚਕੂਲਾ ਪੁਲਸ ਨੇ ਪਹਿਲਾਂ ਉਨ੍ਹਾਂ ਨੂੰ ਵਾਟਰ ਕੈਨਨ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪ੍ਰਦਰਸ਼ਨਕਾਰੀ ਨਹੀਂ ਰੁਕੇ ਤਾਂ ਜੰਮ ਕੇ ਲਾਠੀਚਾਰਜ ਕੀਤਾ। ਲਾਠੀਚਾਰਜ ’ਚ ਭਾਗ ਸਿੰਘ, ਸੁਰਜੀਤ, ਵਿਜੈਪਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਸੰਤੋਸ਼ ਕੁਮਾਰ, ਸਤਪਾਲ, ਗੁਰਪਾਲ ਸਹਿਤ 6 ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਪ੍ਰਦਰਸ਼ਨਕਾਰੀਆਂ ਨੂੰ ਰੋਡਵੇਜ਼ ਬੱਸਾਂ ’ਚ ਭਰ ਕੇ ਗ੍ਰਿਫ਼ਤਾਰ ਕਰ ਕੇ ਲਿਜਾਇਆ ਗਿਆ।

ਪ੍ਰਦਰਸ਼ਨਕਾਰੀ ਨੌਕਰੀ ਦੀ ਮੰਗ ਨੂੰ ਲੈ ਕੇ ਪੰਚਕੂਲਾ ’ਚ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਨ। ਸ਼ੁੱਕਰਵਾਰ ਨੂੰ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦਾ ਪਹਿਲਾ ਦਿਨ ਸੀ। ਮੀਂਹ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਉਬਾਲੇ ਮਾਰ ਰਿਹਾ ਸੀ। ਪੈਦਲ ਮਾਰਚ ਕਰਦਿਆਂ ਉਹ ਸੈਕਟਰ-5 ਦੇ ਧਰਨਾ ਸਥਾਨ ਤੋਂ ਹਾਊਸਿੰਗ ਬੋਰਡ ਚੌਕ ਪੁੱਜੇ। ਚੰਡੀਗੜ ਪੁਲਸ ਨੇ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਚੰਡੀਗੜ੍ਹ ’ਚ ਵੜਨ ਨਹੀਂ ਦਿੱਤਾ। ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਜੰਮ ਕੇ ਬਹਿਸਬਾਜ਼ੀ ਹੋਈ। ਪੰਚਕੂਲਾ-ਚੰਡੀਗੜ੍ਹ ਬਾਰਡਰ ’ਤੇ ਹਾਊਸਿੰਗ ਬੋਰਡ ਚੌਕ ’ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਦੇ ਕੇ ਰੋਸ ਜਤਾਇਆ। ਇਸ ਦੌਰਾਨ ਚੰਡੀਗੜ੍ਹ ਅਤੇ ਪੰਚਕੂਲਾ ਪੁਲਸ ਮੌਜੂਦ ਸੀ। ਜਦੋਂ ਉਹ ਹਰਿਆਣਾ ਵਿਧਾਨਸਭਾ ਵੱਲ ਕੂਚ ਕਰਨ ਲੱਗੇ ਤਾਂ ਪੁਲਸ ਨੇ ਪੰਚਕੂਲਾ-ਚੰਡੀਗੜ੍ਹ ਬਾਰਡਰ ’ਤੇ ਹੈਵੀ ਬੈਰੀਕੇਡਿੰਗ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ’ਚ ਪ੍ਰਵੇਸ਼ ਕਰਨ ਤੋਂ ਰੋਕਿਆ। ਜਦੋਂ ਨਹੀਂ ਮੰਨੇ ਤਾਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਪਰ ਪ੍ਰਦਰਸ਼ਨਕਾਰੀ ਨਹੀਂ ਰੁਕੇ ਤਾਂ ਪੁਲਸ ਨੇ ਲਾਠੀਆਂ ਵਰ੍ਹਾਈਆਂ।

ਐਂਬੂਲੈਂਸ ਪਹੁੰਚੀ ਦੇਰੀ ਨਾਲ-
ਪੁਲਸ ਦੇ ਲਾਠੀਚਾਰਜ ’ਚ ਜ਼ਖ਼ਮੀ ਪ੍ਰਦਰਸ਼ਨਕਾਰੀਆਂ ਨੂੰ ਹਸਪਤਾਲ ਤੱਕ ਪਹੁੰਚਾਉਣ ਦੇ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਸਨ। ਆਪਣੇ ਜ਼ਖ਼ਮੀ ਸਾਥੀਆਂ ਨੂੰ ਪ੍ਰਦਰਸ਼ਨਕਾਰੀ ਹੀ ਸੰਭਾਲਦੇ ਨਜ਼ਰ ਆਏ। ਐਂਬੂਲੈਂਸ ਕਾਫ਼ੀ ਦੇਰ ਬਾਅਦ ਆਈ। ਪ੍ਰਦਰਸ਼ਨਕਾਰੀ ਖੁਦ ਹੀ ਆਪਣੇ ਜ਼ਖ਼ਮੀ ਸਾਥੀਆਂ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਏ। ਕਈ ਜ਼ਖ਼ਮੀਆਂ ਨੇ ਤਾਂ ਹਸਪਤਾਲ ਜਾਣ ਤੋਂ ਹੀ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ’ਤੇ ਦੋ ਐਂਬੂਲੈਂਸਾਂ ਭੇਜੀਆਂ ਗਈਆਂ।

ਸਰਕਾਰ ਨੇ ਦਿੱਤਾ ਸੀ ਨੌਕਰੀ ਦਾ ਭਰੋਸਾ : ਯੂਨੀਅਨ ਨੇਤਾ-
ਰੋਡਵੇਜ਼ ਯੂਨੀਅਨ ਦੇ ਨੇਤਾ ਭਲਵਾਨ ਸਿੰਘ ਨੇ ਦੱਸਿਆ ਕਿ ਜਦੋਂ 18 ਦਿਨਾਂ ਤੱਕ ਹਰਿਆਣਾ ਰੋਡਵੇਜ਼ ਦੀ ਹੜਤਾਲ ਰਹੀ ਤਾਂ ਇਨ੍ਹਾਂ ਨੌਜਵਾਨਾਂ ਨੇ ਰੋਡਵੇਜ਼ ਦੀਆਂ ਬੱਸਾਂ ਚਲਾ ਕੇ ਹਰਿਆਣਾ ਸਰਕਾਰ ਨੂੰ ਰਾਹਤ ਦਿੱਤੀ ਸੀ।ਉਦੋਂ ਸਰਕਾਰ ਨੇ ਇਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਇਨ੍ਹਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ ਪਰ ਹੜਤਾਲ ਖਤਮ ਹੁੰਦੇ ਹੀ ਇਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ। ਪੱਕੀ ਨੌਕਰੀ ਭਰੋਸੇ ਹੀ ਇਨ੍ਹਾਂ ਲੋਕਾਂ ਨੇ ਆਪਣੀ ਪਹਿਲਾਂ ਦੀ ਅਸਥਾਈ ਨੌਕਰੀ ਛੱਡੀ ਸੀ। ਹੁਣ ਇਹ ਕਿਸੇ ਪਾਸੇ ਦੇ ਨਹੀਂ ਰਹੇ, ਪਰਿਵਾਰ ਭੁੱਖੇ ਮਰਨ ਦੀ ਕਗਾਰ ’ਤੇ ਹਨ।

ਕਈ ਕਰਮਚਾਰੀ ਯੂਨੀਅਨਾਂ ਨੇ ਜਮਾਇਆ ਪੰਚਕੂਲਾ ’ਚ ਡੇਰਾ-
ਹਰਿਆਣਾ ਵਿਧਾਨਸਭਾ ਦਾ ਸੈਸ਼ਨ ਸ਼ੁਰੂ ਹੁੰਦੇ ਹੀ ਪੰਚਕੂਲਾ ’ਚ ਪ੍ਰਦਰਸ਼ਨਕਾਰੀਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਕਈ ਕਰਮਚਾਰੀ ਯੂਨੀਅਨਾਂ ਨੇ ਆਪਣੀਆਂ ਮੰਗਂ ਨੂੰ ਲੈ ਕੇ ਪੰਚਕੂਲਾ ’ਚ ਡੇਰਾ ਜਮਾ ਦਿੱਤਾ ਹੈ। ਹਰਿਆਣਾ ਰੋਡਵੇਜ਼ ਦੀ ਹੜਤਾਲ ਦੌਰਾਨ ਰੱਖੇ ਗਏ ਕੱਚੇ ਕਰਮਚਾਰੀਆਂ ਤੋਂ ਇਲਾਵਾ ਜੇ. ਬੀ. ਟੀ. 2011-13, ਸਿੱਖਿਆ ਪ੍ਰੇਰਕ, ਸਹਾਇਕ ਡਰਾਫਟਸਮੈਨ ਅਤੇ ਹੋਰ ਯੂਨੀਅਨਾਂ ਦੇ ਮੈਂਬਰ ਸ਼ਾਮਲ ਹਨ। ਇਨ੍ਹੀਂ ਦਿਨੀਂ ਪੰਚਕੂਲਾ ਸ਼ਹਿਰ ਪੁਲਸ ਛਾਉਣੀ ’ਚ ਤਬਦੀਲ ਹੋ ਚੁੱਕਿਆ ਹੈ। ਭਾਰੀ ਗਿਣਤੀ ’ਚ ਪੁਲਸ ਕਰਮਚਾਰੀ ਪੰਚਕੂਲਾ ’ਚ ਤਾਇਨਾਤ ਕੀਤੇ ਗਏ ਹਨ, ਤਾਂ ਕਿ ਕੋਈ ਵੀ ਪ੍ਰਦਰਸ਼ਨਕਾਰੀ ਵਿਧਾਨਸਭਾ ਦੇ ਘਿਰਾਓ ਲਈ ਚੰਡੀਗੜ੍ਹ ’ਚ ਨਾ ਪ੍ਰਵੇਸ਼ ਕਰ ਸਕੇ। ਹੋਰ ਜ਼ਿਲਿਆਂ ਤੋਂ ਵੀ ਕਈ ਪੁਲਸ ਅਧਿਕਾਰੀ ਬੁਲਾਏ ਗਏ ਹਨ। ਸੈਕਟਰ-7 ਅਤੇ 18 ਦੇ ਨਿਵਾਸੀਆਂ ਲਈ ਧਰਨੇ-ਪ੍ਰਦਰਸ਼ਨ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ।

Iqbalkaur

This news is Content Editor Iqbalkaur