PMC ਬੈਂਕ ਘੋਟਾਲਾ : 24 ਘੰਟੇ 'ਚ ਦੋ ਖਾਤਾ ਧਾਰਕਾਂ ਨੂੰ ਦਿਲ ਦਾ ਦੌਰਾ, ਹੋਈ ਮੌਤ

10/16/2019 9:41:36 AM

ਮੁੰਬਈ— ਘੋਟਾਲੇ ਕਾਰਨ ਸੁਰਖੀਆਂ 'ਚ ਆਏ ਪੰਜਾਬ-ਮਹਾਰਾਸ਼ਟਰ ਸਹਿਕਾਰੀ (ਪੀ. ਐੱਮ. ਸੀ.) ਬੈਂਕ ਦੇ ਦੋ ਖਾਤਾ ਧਾਰਕਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਹ ਦੋਵੇਂ ਘਟਨਾਵਾਂ 24 ਘੰਟੇ ਅੰਦਰ ਹੋਈਆਂ। ਪੁਲਸ ਮੁਤਾਬਕ, 51 ਸਾਲ ਦੇ ਸੰਜੇ ਗੁਲਾਟੀ ਸੋਮਵਾਰ ਸ਼ਾਮ ਨੂੰ ਬੈਂਕ 'ਚ ਫਸੀ ਰਕਮ ਦੇ ਵਿਰੋਧ 'ਚ ਪ੍ਰਦਰਸ਼ਨ ਕਰਨ ਤੋਂ ਬਾਅਦ ਘਰ ਪਰਤੇ ਸਨ ਕਿ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਉੱਥੇ ਹੀ, ਦੂਜੇ ਖਾਤਾ ਧਾਰਕ ਫੱਤੋਮਲ ਪੰਜਾਬੀ ਵੀ ਸੋਮਵਾਰ ਨੂੰ ਪ੍ਰਦਰਸ਼ਨ 'ਚ ਸ਼ਾਮਲ ਸਨ। ਮੰਗਲਵਾਰ ਦੁਪਹਿਰ ਨੂੰ ਉਨ੍ਹਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਫੱਤੋਮਲ ਪੰਜਾਬੀ ਦਾ ਖਾਤਾ ਮੁਲੰਡ ਬ੍ਰਾਂਚ 'ਚ ਹੈ। ਪਰਿਵਾਰ ਮੁਤਾਬਕ, ਫੱਤੋਮਲ ਨੂੰ ਕੋਈ ਬੀਮਾਰੀ ਨਹੀਂ ਸੀ। ਉਹ ਬੈਂਕ 'ਚ ਰਕਮ ਫਸਣ ਕਾਰਨ ਬਹੁਤ ਪ੍ਰੇਸ਼ਾਨ ਸਨ।



ਨੌਕਰੀ ਜਾਣ ਕਾਰਨ ਸੰਜੇ ਗੁਲਾਟੀ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਸਨ। ਉਨ੍ਹਾਂ ਦੇ 90 ਲੱਖ ਰੁਪਏ ਪੀ. ਐੱਮ. ਸੀ. ਬੈਂਕ 'ਚ ਜਮ੍ਹਾ ਹਨ। ਜੈੱਟ ਏਅਰਵੇਜ਼ ਬੰਦ ਹੋਣ ਕਾਰਨ ਸੰਜੇ ਦੀ ਨੌਕਰੀ ਚਲੀ ਗਈ ਸੀ। ਇਸ ਲਈ ਘਰ ਦਾ ਖਰਚ ਚਲਾਉਣ ਲਈ ਉਹ ਪੈਸੇ ਚਾਹੁੰਦੇ ਸਨ। ਉਨ੍ਹਾਂ ਦੇ ਦੋ ਬੇਟੇ ਹਨ। ਇਕ ਬੇਟਾ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਘਰ 'ਚ ਬਜ਼ੁਰਗ ਪਿਤਾ ਹਨ।ਜ਼ਿਕਰਯੋਗ ਹੈ ਕਿ ਪੰਜਾਬ-ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ. ਐੱਮ. ਸੀ.) 'ਚ ਵੱਡਾ ਘੋਟਾਲਾ ਸਾਹਮਣੇ ਆਉਣ 'ਤੇ 23 ਸਤੰਬਰ ਨੂੰ ਆਰ. ਬੀ. ਆਈ. ਨੇ ਗਾਹਕਾਂ ਲਈ ਪੈਸੇ ਕਢਵਾਉਣ ਦੀ ਲਿਮਟ 1,000 ਰੁਪਏ ਕਰ ਦਿੱਤੀ ਸੀ, ਜੋ ਬਾਅਦ 'ਚ 10,000 ਰੁਪਏ ਤੇ ਫਿਰ 3 ਅਕਤੂਬਰ ਨੂੰ ਵਧਾ ਕੇ 25,000 ਰੁਪਏ ਕਰ ਦਿੱਤੀ ਗਈ ਸੀ। ਉੱਥੇ ਹੀ ਲੋਕਾਂ ਦੇ ਭਾਰੀ ਵਿਰੋਧ ਪ੍ਰਦਰਸ਼ਨਾਂ ਮਗਰੋਂ 14 ਅਕਤੂਬਰ ਨੂੰ ਇਹ ਲਿਮਟ ਵਧਾ ਕੇ 40,000 ਰੁਪਏ ਕਰ ਦਿੱਤੀ ਗਈ। ਪੀ. ਐੱਮ. ਸੀ. ਬੈਂਕ 'ਚ ਰਕਮ ਫਸਣ ਕਾਰਨ ਖਾਤਾ ਧਾਰਕ ਭਾਰੀ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ। ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ ਡੁੱਬ ਨਾ ਜਾਵੇ।