PMC ਬੈਂਕ ਮਾਮਲਾ : ਸ਼ੱਕ ਦੇ ਘੇਰੇ ’ਚ ਮੈਨੇਜਮੈਂਟ

09/27/2019 10:10:41 AM

ਮੁੰਬਈ — ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੈੱਸ. ਸੀ.) ਬੈਂਕ ’ਤੇ ਕੁਲ ਕਰਜ਼ੇ ਦਾ ਇਕ-ਤਿਹਾਈ ਤੋਂ ਜ਼ਿਆਦਾ ਲੋਨ ਦੇਸ਼ ਦੀ ਇਕ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਨੂੰ ਦਿੱਤੇ ਜਾਣ ਕਾਰਣ ਨਾਨ-ਪ੍ਰਫਾਰਮਿੰਗ ਏਸੈੱਟਸ (ਐੈੱਨ. ਪੀ. ਏ.) ਹੋਣ ਦਾ ਦੋਸ਼ ਲਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਪੀ. ਐੱਮ. ਸੀ. ਦੇ ਮੈਨੇਜਿੰਗ ਟੀਮ ਦੇ ਮੈਂਬਰ ਵੀ ਇਸ ਰੀਅਲ ਅਸਟੇਟ ਕੰਪਨੀ ’ਚ ਡਾਇਰੈਕਟਰ ਹਨ। ਇਸ ਕੰਪਨੀ ਨੂੰ ਦੀਵਾਲੀਆ ਹੋਣ ਤੋਂ ਬਚਾਉਣ ਲਈ ਪੀ. ਐੈੱਮ. ਸੀ. ਬੈਂਕ ਨੂੰ ਜ਼ਬਰਦਸਤ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਐੈੱਚ. ਡੀ. ਆਈ. ਐੈੱਲ. ਦੇਸ਼ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਵਜੋਂ ਮੰਨੀ ਜਾਂਦੀ ਹੈ। ਹਾਊਸਿੰਗ ਡਿਵੈੱਲਪਮੈਂਟ ਐਂਡ ਇਨਫ੍ਰਾਸਟਰੱਕਚਰ ਲਿਮਟਿਡ (ਐੈੱਚ. ਡੀ. ਆਈ. ਐੈੱਲ.) ਕੰਪਨੀ ਦਾ ਸੰਚਾਲਨ ਕਰਨ ਵਾਲੇ ਡਾਇਰੈਕਟਰ ਪੀ. ਐੱਮ. ਸੀ. ਦੇ ਬੋਰਡ ਮੈਂਬਰ ਹਨ।

ਆਰਥਿਕ ਮਾਮਲਿਆਂ ਦੇ ਜਾਣਕਾਰ ਵਿਸ਼ਵਾਸ ਉਟਗੀ ਦਾ ਦਾਅਵਾ ਹੈ ਕਿ ਪੀ. ਐੈੱਮ. ਸੀ. ਬੈਂਕ ਦੇ ਬੋਰਡ ’ਚ ਮੌਜੂਦ ਇਨ੍ਹਾਂ ਸੰਚਾਲਕਾਂ ਨੇ ਨਿਯਮਾਂ ਨੂੰ ਛਿੱਕੇ ’ਤੇ ਟੰਗਦਿਆਂ ਪੀ. ਐੈੱਮ. ਸੀ. ਬੈਂਕ ਦੇ ਕੁਲ ਕਰਜ਼ੇ ਦਾ ਇਕ-ਤਿਹਾਈ ਲੋਨ ਇਸ ਕੰਪਨੀ ਨੂੰ ਮਨਜ਼ੂਰ ਕੀਤਾ ਹੈ। ਇਹ ਕੁਲ ਰਕਮ ਤਕਰੀਬਨ 8000 ਕਰੋੜ ਰੁਪਏ ਹੈ। ਇਸ ’ਚ 250 ਕਰੋੜ ਰੁਪਏ ਦਾ ਕਰਜ਼ਾ ਹੁਣ ਤਕ ਬੈਂਕ ਨੂੰ ਵਾਪਸ ਨਹੀਂ ਕੀਤਾ ਗਿਆ ਹੈ। ਪੀ. ਐੈੱਮ. ਸੀ. ਬੈਂਕ ਦੇ ਸੰਚਾਲਕਾਂ ਨੇ ਕੰਪਨੀ ਨੂੰ ਬਚਾਉਣ ਲਈ ਪੀ. ਐੈੱਮ. ਸੀ. ਦਾ ਐੈੱਨ. ਪੀ. ਏ. ਵਾਰ-ਵਾਰ ਲੁਕਾਉਣ ਦੀ ਕੋਸ਼ਿਸ਼ ਕੀਤੀ। ਇਹੀ ਵਜ੍ਹਾ ਹੈ ਕਿ ਅਚਾਨਕ ਪੀ. ਐੈੱਮ. ਸੀ. ਬੈਂਕ ਦੇ ਡੁੱਬਣ ਦੀ ਨੌਬਤ ਆ ਗਈ।

ਉਟਗੀ ਨੇ ਦੋਸ਼ ਲਾਇਆ ਕਿ ਐੈੱਚ. ਡੀ. ਆਈ. ਐੈੱਲ. ਜਾਂ ਹੋਰ ਜੋ ਵੀ ਇੰਨੇ ਵੱਡੇ ਖਾਤਾਧਾਰਕ ਹਨ, ਜਿਨ੍ਹਾਂ ਦਾ ਐੈੱਨ. ਪੀ. ਏ. ਲੁਕਾਉਣ ਦੀ ਕੋਸ਼ਿਸ਼ ਪੀ. ਐੈੱਮ. ਸੀ. ਬੈਂਕ ਦੀ ਮੈਨੇਜਮੈਂਟ ਨੇ ਕੀਤੀ ਹੈ, ਜਿਸ ਦਾ ਨੁਕਸਾਨ ਗਾਹਕਾਂ ਨੂੰ ਚੁੱਕਣਾ ਪਿਆ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਆਰ. ਬੀ. ਆਈ. ਨੂੰ ਬੈਂਕ ਦੀ ਮੈਨੇਜਮੈਂਟ ’ਤੇ ਕਾਰਵਾਈ ਕਰਨੀ ਚਾਹੀਦੀ।

ਪੀ. ਐੈੱਮ. ਸੀ. ਬੈਂਕ ਖਿਲਾਫ ਹਾਈਕੋਰਟ ’ਚ ਪਟੀਸ਼ਨ

ਵਿਸ਼ਵਾਸ ਉਟਗੀ ਨੇ ਦੱਸਿਆ ਕਿ ਪੀ. ਐੈੱਸ. ਸੀ. ਬੈਂਕ ਦੇ ਗਾਹਕਾਂ ਦੀ ਇਕ ਮੀਟਿੰਗ ਸ਼ਨੀਵਾਰ ਨੂੰ ਬੁਲਾਈ ਗਈ ਹੈ। ਗਾਹਕਾਂ ਦੀ ਸਮੱਸਿਆ ਸੁਣਨ ਤੋਂ ਬਾਅਦ ਇਕ ਸੰਗਠਨ ਬਣਾਇਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਗਾਹਕਾਂ ਨੂੰ ਨਾਲ ਲੈ ਕੇ ਅਗਲੇ ਹਫਤੇ ਆਰ. ਬੀ. ਆਈ. ਦੇ ਇਸ ਫੈਸਲੇ ਅਤੇ ਪੀ. ਐੈੱਮ. ਸੀ. ਬੈਂਕ ਦੀ ਲਾਪ੍ਰਵਾਹੀ ਖਿਲਾਫ ਬੰਬਈ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਜਾਵੇਗੀ।

ਮਾਮਲਾ ਵਿੱਤ ਮੰਤਰਾਲਾ ਪਹੁੰਚਿਆ

ਬੈਂਕ ਦਾ ਮਾਮਲੇ ਵਿੱਤ ਮੰਤਰਾਲਾ ਪਹੁੰਚ ਗਿਆ ਹੈ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਕਰੇਗੀ ਕਿ ਪੀ. ਐੈੱਸ. ਸੀ. ਬੈਂਕ ਦੇ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਵਿੱਤ ਰਾਜ ਮੰਤਰੀ ਨੇ ਕਿਹਾ ਕਿ ਜੋ ਵੀ ਸੰਸਥਾ ਜਨਤਾ ਦੇ ਪੈਸੇ ਦਾ ਲੈਣ-ਦੇਣ ਕਰਦੀ ਹੈ, ਉਸ ਲਈ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ। ਇਸ ਦਰਮਿਆਨ ਪੰਜਾਬ ਨੈਸ਼ਨਲ ਬੈਂਕ (ਪੀ. ਐੈੱਨ. ਬੀ.) ਨੇ ਸਪੱਸ਼ਟ ਕੀਤਾ ਕਿ ਪੀ. ਐੈੱਮ. ਸੀ. ਬੈਂਕ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੀ. ਐੈੱਨ. ਬੀ. ਨੇ ਕਿਹਾ ਕਿ ਬੈਂਕ ਪ੍ਰਤੀ ਗਾਹਕਾਂ ਅਤੇ ਸਾਰੇ ਅੰਸ਼ਧਾਰਕਾਂ ਦਾ ਭਰੋਸਾ ਕਾਇਮ ਹੈ। ਬੈਂਕ ਦੀ ਵਿੱਤੀ ਪ੍ਰਣਾਲੀ ਮਜ਼ਬੂਤ ਹੈ।

ਮੁਅੱਤਲ ਐੈੱਮ. ਡੀ. ਦਾ ਦਾਅਵਾ, ਬੈਂਕ ਕੋਲ ਭਰਪੂਰ ਨਕਦੀ, ਲੋਕਾਂ ਦੀ ਪਾਈ-ਪਾਈ ਸੁਰੱਖਿਅਤ

ਬੈਂਕ ਦੇ ਮੁਅੱਤਲ ਪ੍ਰਬੰਧ ਨਿਰਦੇਸ਼ਕ ਜੁਆਏ ਥਾਮਸ ਨੇ ਦਾਅਵਾ ਕੀਤਾ ਹੈ ਕਿ ਬੈਂਕ ਕੋਲ ਆਪਣੀ ਦੇਣਦਾਰੀਆਂ ਨੂੰ ਨਿਪਟਾਉਣ ਲਈ ਭਰਪੂਰ ਨਕਦੀ ਹੈ ਅਤੇ ਜਨਤਾ ਦੀ ਪਾਈ-ਪਾਈ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਬੈਂਕ ਦਾ ਸਾਰਾ ਕਰਜ਼ਾ ਸੁਰੱਖਿਅਤ ਹੈ, ਸਿਰਫ ਇਕ ਵੱਡਾ ਖਾਤਾ ਐੈੱਚ. ਡੀ. ਆਈ. ਐੈੱਲ. ਮੌਜੂਦਾ ਸੰਕਟ ਦੀ ਇਕੋ-ਇਕ ਵਜ੍ਹਾ ਹੈ। ਸਾਰੇ ਕਰਜ਼ੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਗਾਹਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੀ ਪਾਈ-ਪਾਈ ਸੁਰੱਖਿਅਤ ਹੈ।

ਆਮ ਲੋਕਾਂ ਦੇ ਹੀ ਨਹੀਂ, ਖੁਦ ਆਰ. ਬੀ. ਆਈ. ਅਫਸਰਾਂ ਦੇ ਵੀ ਫਸੇ ਪੈਸੇ

ਪੀ. ਐੈੱਮ. ਸੀ. ਬੈਂਕ ’ਚ ਆਮ ਲੋਕਾਂ ਦੇ ਹੀ ਨਹੀਂ, ਸਗੋਂ ਆਰ. ਬੀ. ਆਈ. ਅਫਸਰਾਂ ਦੇ ਵੀ ਪੈਸੇ ਫਸੇ ਹਨ। ਦਰਅਸਲ ਆਰ. ਬੀ. ਆਈ. ਅਫਸਰਾਂ ਨਾਲ ਜੁੜੇ ਇਕ ਕੋਆਪ੍ਰੇਟਿਵ ਦਾ ਪੈਸਾ ਇਸ ਬੈਂਕ ’ਚ ਜਮ੍ਹਾ ਹੈ। ਇਕ ਅੰਗਰੇਜ਼ੀ ਅਖਬਾਰ ’ਚ ਛਪੀ ਖਬਰ ਮੁਤਾਬਕ ਆਰ. ਬੀ. ਆਈ. ਦੇ ਅਫਸਰਾਂ ਨਾਲ ਜੁੜੇ ਇਸ ਕੋਆਪ੍ਰੇਟਿਵ ਦੇ 105 ਕਰੋੜ ਰੁਪਏ ਇਸ ਬੈਂਕ ’ਚ ਜਮ੍ਹਾ ਹਨ। ਇਸ ਪੈਸੇ ਨੂੰ ਫਿਕਸਡ ਡਿਪਾਜ਼ਿਟ ’ਚ ਰੱਖਿਆ ਗਿਆ ਹੈ।

ਆਰ. ਬੀ. ਆਈ. ਨੇ ਰਕਮ ਨਿਕਾਸੀ ਹੱਦ ’ਚ ਕੀਤਾ ਵਾਧਾ

ਆਰ. ਬੀ. ਆਈ. ਨੇ ਪੀ. ਐੈੱਮ. ਸੀ. ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਰ. ਬੀ. ਆਈ. ਨੇ ਪੀ. ਐੈੱਮ. ਸੀ. ਬੈਂਕ ਤੋਂ ਰਕਮ ਨਿਕਾਸੀ ਦੀ ਹੱਦ ਵਧਾ ਦਿੱਤੀ ਹੈ। ਆਰ. ਬੀ. ਆਈ. ਨੇ ਇਸ ਹੱਦ ਨੂੰ 10,000 ਰੁਪਏ ਕਰ ਦਿੱਤਾ ਹੈ। ਪੀ. ਐੈੱਮ. ਸੀ. ਬੈਂਕ ਦੇ ਗਾਹਕ ਹੁਣ ਆਪਣੇ ਖਾਤੇ ’ਚੋਂ 10,000 ਰੁਪਏ ਕੱਢ ਸਕਦੇ ਹਨ। ਦੱਸਣਯੋਗ ਹੈ ਕਿ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਪੀ. ਐੈੈੱਮ. ਸੀ. ਬੈਂਕ ’ਚ 6 ਮਹੀਨੇ ਲਈ ਲੈਣ-ਦੇਣ ’ਤੇ ਰੋਕ ਲਾ ਦਿੱਤੀ ਹੈ। ਉਥੇ ਖਾਤਾਧਾਰਕਾਂ ਦੀ ਨਿਕਾਸੀ ਦੀ ਹੱਦ 1000 ਰੁਪਏ ਤੈਅ ਕੀਤੀ ਸੀ।

ਬੈਂਕ ਵਰਕਰਾਂ ਨੇ ਐੱਚ. ਡੀ. ਆਈ. ਐੈੱਲ. ਦੇ ਮਾਲਕ ਦੀ ਰਿਹਾਇਸ਼ ’ਤੇ ਦਿੱਤਾ ਧਰਨਾ

ਪੀ. ਐੈੱਮ. ਸੀ. ਬੈਂਕ ’ਤੇ ਆਰ. ਬੀ. ਆਈ. ਵੱਲੋਂ 6 ਮਹੀਨੇ ਲਈ ਪਾਬੰਦੀ ਲਾਉਣ ਤੋਂ ਬਾਅਦ ਲੋਕ ਸੜਕਾਂ ’ਤੇ ਉਤਰ ਆਏ ਹਨ। ਇਕ ਪਾਸੇ ਬੈਂਕ ’ਚ ਆਪਣਾ ਨਿਵੇਸ਼ ਕਰ ਚੁੱਕੇ ਸੈਂਕੜੇ ਲੋਕ ਨਿਰਾਸ਼ ਹਨ ਤਾਂ ਦੂਜੇ ਪਾਸੇ ਬੈਂਕ ਦੇ ਵਰਕਰ ਵੀ ਹੈਰਾਨ-ਪ੍ਰੇਸ਼ਾਨ ਹਨ। ਪੀ. ਐੱਮ. ਸੀ. ਬੈਂਕ ਦੇ ਵਰਕਰਾਂ ਨੇ ਐੱਚ. ਡੀ. ਆਈ. ਐੈੱਲ. ਗਰੁੱਪ ਦੇ ਮਾਲਕ ਦੀ ਰਿਹਾਇਸ਼ ਦੇ ਬਾਹਰ ਧਰਨਾ ਲਾ ਦਿੱਤਾ ਹੈ। ਇਹ ਗਰੁੱਪ ਬੈਂਕ ’ਚ ਲੋਨ ਡਿਫਾਲਟਰ ਹੈ। ਦਰਅਸਲ ਪੀ. ਐੈੱਮ. ਸੀ. ਬੈਂਕ ਦੇ ਦੀਵਾਲੀਆ ਹੋ ਚੁੱਕੀ ਰੀਅਲ ਅਸਟੇਟ ਕੰਪਨੀ ਦਾ ਖਾਤਾ ਹੈ।