PM ਨਰਿੰਦਰ ਮੋਦੀ 3 ਜੁਲਾਈ ਨੂੰ ਕਰਨਗੇ ਕੈਬਨਿਟ ਦੀ ਬੈਠਕ ਦੀ ਪ੍ਰਧਾਨਗੀ

06/29/2023 6:21:08 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜੁਲਾਈ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਸਮੇਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਇੱਥੇ ਬੈਠਕ ਕੀਤੀ ਸੀ। ਜਿਸ ਤੋਂ ਬਾਅਦ ਕੈਬਨਿਟ 'ਚ ਸੰਭਾਵਿਤ ਫੇਰਬਦਲ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ। ਤਿੰਨ ਜੁਲਾਈ ਦੀ ਬੈਠਕ ਪ੍ਰਗਤੀ ਮੈਦਾਨ 'ਚ ਨਵੇਂ ਬਣੇ ਕਨਵੇਂਸ਼ਨ ਸੈਂਟਰ 'ਚ ਹੋਣ ਦੀ ਸੰਭਾਵਨਾ ਹੈ। ਇਸ ਸੈਂਟਰ 'ਚ ਸਤੰਬਰ 'ਚ ਜੀ-20 ਸਿਖਰ ਬੈਠਕ ਦਾ ਆਯੋਜਨ ਕੀਤਾ ਜਾਵੇਗਾ।

ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ 'ਚ ਨੱਢਾ ਦੀ ਮੌਜੂਦਗੀ ਨਾਲ ਸਰਕਾਰ ਅਤੇ ਭਾਜਪਾ ਸੰਗਠਨ 'ਚ ਤਬਦੀਲੀ ਦੀਆਂ ਅਟਕਲਾਂ ਸ਼ੁਰੂ ਹੋਈਆਂ। ਇਸ 'ਚ ਪਾਰਟੀ ਸਾਲ ਦੇ ਅੰਤ 'ਚ ਹੋਣ ਵਾਲੀਆਂ ਅਹਿਮ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਸੰਗਠਨ 'ਚ ਬਦਲਾਅ ਦੀ ਸੰਭਾਵਨਾ ਨੂੰ ਲੈ ਕੇ ਵੀ ਕਿਆਸ ਲਗਾਏ ਜਾ ਰਹੇ ਹਨ। ਪਿਛਲੇ ਕੁਝ ਦਿਨਾਂ 'ਚ ਅਮਿਤ ਸ਼ਾਹ, ਨੱਢਾ ਅਤੇ ਭਾਜਪਾ ਜਨਰਲ ਸਕੱਤਰ (ਸੰਗਠਨ) ਬੀ.ਐੱਲ. ਸੰਤੋਸ਼ ਨੇ ਸੰਗਠਨ ਅਤੇ ਰਾਜਨੀਤਕ ਮੁੱਦਿਆਂ 'ਤੇ ਕਈ ਦੌਰ ਦੀ ਚਰਚਾ ਕੀਤੀ ਹੈ। ਇਸ ਸਾਲ ਦੇ ਅੰਤ 'ਚ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤੇਲੰਗਾਨਾ, ਮਿਜ਼ੋਰਮ 'ਚ ਚੋਣਾਂ ਹੋਣੀਆਂ ਹਨ। ਕੈਬਨਿਟ ਦੀ ਬੈਠਕ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਕੁਝ ਦਿਨਾਂ ਹੋ ਰਹੀ ਹੈ। ਮਾਨਸੂਨ ਸੈਸ਼ਨ ਜੁਲਾਈ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

DIsha

This news is Content Editor DIsha