ਬਹਿਰੀਨ : 200 ਸਾਲ ਪੁਰਾਣੇ ਕ੍ਰਿਸ਼ਨ ਮੰਦਰ ਦੇ ਪੁਨਰ ਗਠਨ ਦੀ ਨੀਂਹ ਰੱਖਣਗੇ ਮੋਦੀ

08/25/2019 9:05:42 AM

ਮਨਾਮਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨਾਂ ਬਹਿਰੀਨ ਯਾਤਰਾ ਦਾ ਅੱਜ ਆਖਰੀ ਦਿਨ ਹੈ। ਉਹ ਮਨਾਮਾ 'ਚ ਇਕ ਖਾਸ ਸਮਾਰੋਹ 'ਚ 200 ਸਾਲ ਪੁਰਾਣੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਮੰਦਰ ਦੇ ਪੁਨਰਨਿਰਮਾਣ ਯੋਜਨਾ ਦਾ ਸ਼ੁੱਭ ਆਰੰਭ ਕਰਨਗੇ। ਇਸ ਯੋਜਨਾ 'ਤੇ 42 ਲੱਖ ਡਾਲਰ ਦੀ ਲਾਗਤ ਆਏਗੀ। ਮੋਦੀ ਇਸ ਮੁਸਲਿਮ ਦੇਸ਼ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।

 


ਥਟਾਈ ਹਿੰਦੂ ਸੌਦਾਗਰ ਭਾਈਚਾਰੇ ਦੇ ਪ੍ਰਧਾਨ ਮੁਤਾਬਕ ਨਵਾਂ ਢਾਂਚਾ 45,000 ਵਰਗ ਫੁੱਟ 'ਚ ਹੋਵੇਗਾ ਅਤੇ ਇਸ ਦੇ 80 ਫੀਸਦੀ ਹਿੱਸੇ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਲਈ ਜਗ੍ਹਾ ਹੋਵੇਗੀ। ਉਨ੍ਹਾਂ ਕਿਹਾ ਕਿ ਮੰਦਰ ਦੇ ਨਾਲ ਇਕ ਗਿਆਨ ਕੇਂਦਰ ਅਤੇ ਇਕ ਮਿਊਜ਼ੀਅਮ ਵੀ ਹੋਵੇਗਾ। ਇਸਲਾਮਕ ਦੇਸ਼ ਬਹਿਰੀਨ 'ਚ ਬਣਿਆ ਇਹ ਕ੍ਰਿਸ਼ਨ ਮੰਦਰ ਖਾੜੀ ਖੇਤਰ ਦਾ ਸਭ ਤੋਂ ਪੁਰਾਣਾ ਹਿੰਦੂ ਮੰਦਰ ਹੈ। ਇਸ ਮੰਦਰ ਦੇ ਨੇੜਲੇ ਇਲਾਕੇ ਨੂੰ ਸਰਕਾਰ ਨੇ ਦਸੰਬਰ 2015 'ਚ 'ਲਿਟਲ ਇੰਡੀਆ ਇਨ ਬਹਿਰੀਨ' ਘੋਸ਼ਿਤ ਕੀਤਾ ਸੀ।

 

ਜ਼ਿਕਰਯੋਗ ਹੈ ਕਿ ਇਸ ਮੰਦਰ ਦੀ ਸਥਾਪਨਾ 18ਵੀਂ ਸਦੀ ਦੇ ਦੂਜੇ ਦਹਾਕੇ 'ਚ ਥਟਾਈ ਭਾਟੀਆ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਕੀਤੀ ਗਈ ਸੀ। ਅੱਜ ਵੀ ਇਸ ਭਾਈਚਾਰੇ ਦੇ ਲੋਕ ਇਸ ਮੰਦਰ ਦੀ ਦੇਖ-ਰੇਖ ਕਰਦੇ ਹਨ। 

ਰਾਜਸਥਾਨ ਦੇ ਉਦੈਪੁਰ ਕੋਲ ਨਾਥਦਵਾਰਾ 'ਚ ਸਥਿਤ ਸ਼੍ਰੀਨਾਥ ਜੀ ਮੰਦਰ ਵਾਂਗ ਹੀ ਇਸ ਮੰਦਰ 'ਚ ਵੀ ਪੂਜਾ-ਪਾਠ ਕੀਤੇ ਜਾਂਦੇ ਹਨ। ਦੇਖਣ 'ਚ ਵੀ ਇਹ ਮੰਦਰ ਰਾਜਸਥਾਨ ਦੇ ਮੇਵਾੜ ਖੇਤਰ ਦੀਆਂ ਹਵੇਲੀਆਂ ਵਰਗਾ ਹੀ ਲੱਗਦਾ ਹੈ। ਮੰਦਰ 'ਚ ਉੱਥੋਂ ਦੀ ਕਲਾ ਸਾਫ ਝਲਕਦੀ ਹੈ।