PM ਮੋਦੀ ਅੱਜ 11 ਵਜੇ ਲਾਂਚ ਕਰਨਗੇ ਜਾਇਦਾਦ ਕਾਰਡ

10/11/2020 1:08:38 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 'ਸਵਾਮਿਤਵ ਯੋਜਨਾ' ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦੇ ਤਹਿਤ ਮਾਲਿਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਿਕਾਨਾ ਹੱਕ ਦੇ ਰਿਕਾਰਡ ਨਾਲ ਜੁੜੇ ਕਾਰਡ ਭੌਤਿਕ ਤੌਰ 'ਤੇ ਉਪਲੱਬਧ ਕਰਵਾਏ ਜਾਣਗੇ। ਪ੍ਰੋਗਰਾਮ ਦਾ ਪ੍ਰਬੰਧ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇਗਾ। ਪੀ.ਐੱਮ. ਮੋਦੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ, ਕੱਲ ਦਾ ਦਿਨ ਦਿਹਾਤੀ ਭਾਰਤ ਲਈ ਇੱਕ ਵੱਡੀ ਸਕਾਰਾਤਮਕ ਤਬਦੀਲੀ ਲਿਆਉਣ ਵਾਲਾ ਹੈ। ਸਵੇਰੇ 11 ਵਜੇ ਸਵਾਮਿਤਵ ਯੋਜਨਾ ਦੇ ਅਨੁਸਾਰ ਜਾਇਦਾਦ ਕਾਰਡ ਦੇ ਵੰਡ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਯੋਜਨਾ ਕਰੋੜਾਂ ਭਾਰਤੀਆਂ ਦੇ ਜੀਵਨ 'ਚ ਮੀਲ ਦਾ ਪੱਥਰ ਸਾਬਤ ਹੋਵੇਗੀ।

ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਇਸ ਨੂੰ ਦਿਹਾਤੀ ਭਾਰਤ 'ਚ ਬਦਲਾਅ ਲਿਆਉਣ ਵਾਲੀ ਇਤਿਹਾਸਕ ਪਹਿਲ ਦੱਸਿਆ ਹੈ। ਸਰਕਾਰ ਦੀ ਇਸ ਪਹਿਲ ਨਾਲ ਪਿੰਡ ਵਾਸੀਆਂ ਨੂੰ ਆਪਣੀ ਜ਼ਮੀਨ ਅਤੇ ਜਾਇਦਾਦ ਨੂੰ ਇੱਕ ਵਿੱਤੀ ਜਾਇਦਾਦ ਦੇ ਤੌਰ 'ਤੇ ਇਸਤੇਮਾਲ ਕਰਨ ਦੀ ਸਹੂਲਤ ਮਿਲੇਗੀ ਜਿਸਦੇ ਬਦਲੇ ਉਹ ਬੈਂਕਾਂ ਤੋਂ ਕਰਜ਼ ਅਤੇ ਹੋਰ ਵਿੱਤੀ ਲਾਭ ਲੈ ਸਕਣਗੇ। ਪੀ.ਐੱਮ.ਓ. ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਕਰੀਬ ਇੱਕ ਲੱਖ ਜਾਇਦਾਦ ਮਾਲਿਕ ਆਪਣੀ ਜਾਇਦਾਦ ਨਾਲ ਜੁੜੇ ਕਾਰਡ ਆਪਣੇ ਮੋਬਾਈਲ ਫੋਨ 'ਤੇ ਐੱਸ.ਐੱਮ.ਐੱਸ. ਲਿੰਕ ਦੇ ਜ਼ਰੀਏ ਡਾਉਨਲੋਡ ਕਰ ਸਕਣਗੇ। ਇਸ ਤੋਂ ਬਾਅਦ ਸਬੰਧਿਤ ਸੂਬਾ ਸਰਕਾਰਾਂ ਵੱਲੋਂ ਜਾਇਦਾਦ ਕਾਰਡ ਦਾ ਭੌਤਿਕ ਵੰਡ ਕੀਤਾ ਜਾਵੇਗਾ।

6 ਸੂਬਿਆਂ ਦੇ 763 ਪਿੰਡਾਂ ਨੂੰ ਮਿਲੇਗਾ ਲਾਭ
ਇਹ ਲਾਭਾਰਥੀ 6 ਸੂਬਿਆਂ ਦੇ 763 ਪਿੰਡਾਂ ਤੋਂ ਹਨ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੇ 346, ਹਰਿਆਣਾ ਦੇ 221, ਮਹਾਰਾਸ਼ਟਰ ਦੇ 100, ਮੱਧ ਪ੍ਰਦੇਸ਼ ਦੇ 44, ਉਤਰਾਖੰਡ ਦੇ 50 ਅਤੇ ਕਰਨਾਟਕ ਦੇ ਦੋ ਪਿੰਡ ਸ਼ਾਮਲ ਹਨ। ਬਿਆਨ ਦੇ ਅਨੁਸਾਰ ਮਹਾਰਾਸ਼ਟਰ ਨੂੰ ਛੱਡ ਕੇ ਇਨ੍ਹਾਂ ਸਾਰੇ ਸੂਬਿਆਂ ਦੇ ਲਾਭਪਾਤਰੀਆਂ ਨੂੰ ਇੱਕ ਦਿਨ ਦੇ ਅੰਦਰ ਆਪਣੇ ਜਾਇਦਾਦ ਕਾਰਡ ਦੀ ਭੌਤਿਕ ਰੂਪ ਨਾਲ ਕਾਪੀਆਂ ਪ੍ਰਾਪਤ ਹੋਣਗੀਆਂ। ਮਹਾਰਾਸ਼ਟਰ 'ਚ ਜਾਇਦਾਦ ਕਾਰਡਾਂ ਲਈ ਕੁੱਝ ਰਾਸ਼ੀ ਲਈ ਜਾਣ ਦੀ ਵਿਵਸਥਾ ਹੈ, ਇਸ ਲਈ ਇਸ 'ਚ ਇੱਕ ਮਹੀਨੇ ਦਾ ਸਮਾਂ ਲੱਗੇਗਾ।

Inder Prajapati

This news is Content Editor Inder Prajapati