ਵਾਰਾਣਸੀ ''ਚ ਬੋਲੇ PM ਮੋਦੀ, ਦੇਸ਼ ਅਗਲੇ 5 ਸਾਲਾਂ ''ਚ ਵਿਕਾਸ ਦਾ ਮਾਡਲ ਬਣ ਜਾਵੇਗਾ, ਇਹ ''ਮੋਦੀ ਦੀ ਗਾਰੰਟੀ'' ਹੈ

02/23/2024 2:05:14 PM

ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਅਗਲੇ 5 ਸਾਲਾਂ 'ਚ ਵਿਕਾਸ ਦਾ ਮਾਡਲ ਬਣ ਜਾਵੇਗਾ ਅਤੇ ਇਹ 'ਮੋਦੀ ਦੀ ਗਾਰੰਟੀ' ਹੈ। ਪ੍ਰਧਾਨ ਮੰਤਰੀ ਵੀਰਵਾਰ ਰਾਤ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚੇ ਅਤੇ ਉਨ੍ਹਾਂ ਦਾ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਅਤੇ ਜਨਤਕ ਬੈਠਕਾਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਕਿਹਾ ਕਿ ਕਾਸ਼ੀ ਨੂੰ ਹੁਣ ਵਿਰਾਸਤ ਅਤੇ ਵਿਕਾਸ ਦੇ ਮਾਡਲ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਸਭਾ 'ਚ ਕਿਹਾ ਕਿ ਭਾਰਤ ਦੀ ਅਮੀਰ ਵਿਰਾਸਤ ਦੀ ਗੂੰਜ ਪੂਰੀ ਦੁਨੀਆ ਵਿਚ ਸੁਣਾਈ ਦੇ ਰਹੀ ਹੈ। 

ਉਨ੍ਹਾਂ ਕਿਹਾ ਕਿ ਕਾਸ਼ੀ ਸਾਰੇ ਗਿਆਨ ਦੀ ਰਾਜਧਾਨੀ ਹੈ। ਲੋਕ ਗਿਆਨ ਦੀ ਭਾਲ ਵਿੱਚ ਕਾਸ਼ੀ ਆਉਂਦੇ ਹਨ। ਦੁਨੀਆ ਭਰ ਤੋਂ ਲੋਕ ਕਾਸ਼ੀ ਆਉਂਦੇ ਹਨ। ਉੱਥੋਂ ਤਰੱਕੀ ਦਾ ਰਾਹ ਖੁੱਲ੍ਹਦਾ ਹੈ। ਹਰ ਪਾਸੇ ਵਿਕਾਸ ਦਾ ਡਮਰੂ ਵੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਸ਼ੀ ਦੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਮੋਦੀ ਦੀ ਵਿਕਾਸ ਦੀ ਉਡਾਣ ਯਕੀਨੀ ਹੈ। ਮੋਦੀ ਦੀ ਗਾਰੰਟੀ ਦਾ ਮਤਲਬ, ਗਾਰੰਟੀ ਦੀ ਗਾਰੰਟੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਇੱਥੇ ਕਾਸ਼ੀ ਵਿੱਚ ਪਿਛਲੇ 10 ਸਾਲਾਂ ਵਿੱਚ ਹੋਏ ਵਿਕਾਸ ਕਾਰਜਾਂ ਅਤੇ ਕਾਸ਼ੀ ਬਾਰੇ ਪੂਰੀ ਜਾਣਕਾਰੀ ਦੇਣ ਵਾਲੀਆਂ ਦੋ ਕਿਤਾਬਾਂ ਲਾਂਚ ਕੀਤੀਆਂ ਗਈਆਂ ਹਨ। ਕਾਸ਼ੀ ਨੇ ਪਿਛਲੇ 10 ਸਾਲਾਂ ਵਿੱਚ ਜੋ ਵਿਕਾਸ ਦੀ ਯਾਤਰਾ ਕੀਤੀ ਹੈ, ਉਸ ਦੇ ਹਰ ਪੜਾਅ ਅਤੇ ਇੱਥੋਂ ਦੀ ਸੰਸਕ੍ਰਿਤੀ ਦਾ ਵਰਣਨ ਵੀ ਇਨ੍ਹਾਂ ਕਿਤਾਬਾਂ ਵਿੱਚ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਜਿਸ ਕਾਸ਼ੀ ਨੂੰ ਸਮੇਂ ਨਾਲੋਂ ਵੀ ਪੁਰਾਣਾ ਕਿਹਾ ਜਾਂਦਾ ਹੈ। ਜਿਸ ਦੀ ਪਛਾਣ ਨੌਜਵਾਨ ਪੀੜ੍ਹੀ ਜ਼ਿੰਮੇਵਾਰੀ ਨਾਲ ਸਸ਼ਕਤ ਕਰ ਰਹੀ ਹੈ। ਇਹ ਨਜ਼ਾਰਾ ਦਿਲ ਨੂੰ ਤਸੱਲੀ ਦਿੰਦਾ ਹੈ, ਮਾਣ ਦੀ ਭਾਵਨਾ ਦਿੰਦਾ ਹੈ ਅਤੇ ਇਹ ਭਰੋਸਾ ਵੀ ਦਿੰਦਾ ਹੈ ਕਿ ਅੰਮ੍ਰਿਤ ਕਾਲ ਵਿਚ ਸਾਰੇ ਨੌਜਵਾਨ ਦੇਸ਼ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿੱਚ ਸੰਸਕ੍ਰਿਤ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ। ਇਸ ਪ੍ਰੋਗਰਾਮ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਹਨ। 

Rakesh

This news is Content Editor Rakesh