ਇਕ-ਦੂਜੇ ’ਤੇੇ ਭਰੋਸੇ ਨਾਲ ਹੀ ਅਸੀਂ ਮਜ਼ਬੂਤ ਹੋਵਾਂਗੇ : ਮੋਦੀ

08/01/2023 1:40:43 PM

ਪੁਣੇ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੁਣੇ ’ਚ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਦੇ ਹੋਏ ਕਿਹਾ ਕਿ ਇਕ-ਦੂਜੇ ’ਤੇੇ ਭਰੋਸਾ ਹੀ ਦੇਸ਼ ਨੂੰ ਮਜ਼ਬੂਤ ਬਣਾਵੇਗਾ। ਮੋਦੀ ਨੇ ਪ੍ਰੋਗਰਾਮ ’ਚ ਆਪਣੇ ਸੰਬੋਧਨ ’ਚ ਕਿਹਾ ਕਿ ਜੇਕਰ ਬੇਭਰੋਸਗੀ ਦਾ ਮਾਹੌਲ ਹੈ ਤਾਂ ਵਿਕਾਸ ਅਸੰਭਵ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਮਾਨਿਆ ਤਿਲਕ ਆਜ਼ਾਦ ਪ੍ਰੈੱਸ ਦੇ ਮਹੱਤਵ ਨੂੰ ਸਮਝਦੇ ਸਨ। ਮੋਦੀ ਨੇ ਕਿਹਾ, ‘‘ਉਨ੍ਹਾਂ ਨੇ ਆਜ਼ਾਦੀ ਸੰਘਰਸ਼ ਦੀ ਦਿਸ਼ਾ ਬਦਲ ਦਿੱਤੀ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਭਾਰਤੀ ਅਸ਼ਾਂਤੀ ਦਾ ਜਨਮਦਾਤਾ ਕਿਹਾ ਸੀ।’’ ਉਨ੍ਹਾਂ ਕਿਹਾ ਕਿ ਉਹ ਲੋਕਮਾਨਿਆ ਤਿਲਕ ਦੇ ਨਾਂ ’ਤੇੇ ਪੁਰਸਕਾਰ ਪ੍ਰਾਪਤ ਕਰ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ, ਜੋ ਭਾਰਤ ਦੇ ਆਜ਼ਾਦੀ ਸੰਘਰਸ਼ ’ਚ ਮੂਹਰਲੀ ਕਤਾਰ ’ਚ ਸਨ। ਮੋਦੀ ਨੇ ਕਿਹਾ ਕਿ ਜੋ ਪੁਰਸਕਾਰ ਰਾਸ਼ੀ ਮੈਨੂੰ ਦਿੱਤੀ ਗਈ ਹੈ ਇਸ ਨੂੰ ਮੈਂ ਨਮਾਮਿ ਗੰਗੇ ਪ੍ਰਾਜੈਕਟ ’ਚ ਦੇ ਰਿਹਾ ਹਾਂ। ਮੋਦੀ ਨੇ ਕਿਹਾ ਕਿ ਤਿਲਕ ਨੂੰ ਵੀਰ ਸਾਵਰਕਰ ਦੀ ਸਮਰੱਥਾ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਵਿਦੇਸ਼ ’ਚ ਉਨ੍ਹਾਂ ਦੀ ਸਿੱਖਿਆ ’ਚ ਅਹਿਮ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਖਿਲਾਫ ਭਾਰਤ ਦੀ ਲੜਾਈ ’ਚ ਪੁਣੇ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਦਰਮਿਆਨ ਪੀ. ਐੱਮ. ਮੋਦੀ ਨੇ ਪੁਣੇ ’ਚ ਦਗਡੂਸ਼ੇਠ ਮੰਦਰ ’ਚ ਪੂਜਾ ਕੀਤੀ। ਇਸ ਦੌਰਾਨ ਮੋਦੀ ਨੇ ਕਰਨਾਟਕ ਅਤੇ ਰਾਜਸਥਾਨ ’ਚ ਵਿਕਾਸ ਦੇ ਅਣਹੋਂਦ ਨੂੰ ਲੈ ਕੇ ਕਾਂਗਰਸ ਸਰਕਾਰਾਂ ਦੀ ਆਲੋਚਨਾ ਕੀਤੀ। ਮੋਦੀ ਨੇ ਕਿਹਾ, ‘‘ਕਰਨਾਟਕ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਉਸ ਕੋਲ ਬੈਂਗਲੂਰੂ ਦੇ ਵਿਕਾਸ ਲਈ ਪੈਸਾ ਨਹੀਂ ਹੈ। ਰਾਜਸਥਾਨ ’ਚ ਵੀ ਇਹੀ ਸਥਿਤੀ ਹੈ, ਜਿੱਥੇ ਸੂਬਾ ਭਾਰੀ ਕਰਜ਼ੇ ’ਚ ਡੁੱਬਾ ਹੋਇਆ ਹੈ ਅਤੇ ਵਿਕਾਸ ਪ੍ਰਾਜੈਕਟ ਰੁਕੇ ਹੋਏ ਹਨ।’’ ਪ੍ਰਧਾਨ ਮੰਤਰੀ ਦੋ ਨਵੀਂਆਂ ਪੁਣੇ ਮੈਟਰੋ ਟ੍ਰੇਨਾਂ ਨੂੰ ਹਰੀ ਝੰਡੀ ਵਿਖਾਉਣ ਅਤੇ ਪੁਣੇ ’ਚ 15,000 ਕਰੋਡ਼ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ-ਪੱਥਰ ਰੱਖਣ ਤੋਂ ਬਾਅਦ ਬੋਲ ਰਹੇ ਸਨ।

ਮੰਚ ’ਤੇੇ ਇਕੱਠੇ ਨਜ਼ ਰ ਆਏ ਮੋਦੀ ਅਤੇ ਸ਼ਰਦ ਪਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਸਕਾਰ ਸਮਾਰੋਹ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨਾਲ ਮੰਚ ਸਾਂਝਾ ਕੀਤਾ। ਪਵਾਰ ਨੇ ਮੋਦੀ ਨਾਲ ਮੰਚ ਸਾਂਝਾ ਨਾ ਕਰਨ ਦੀ ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ ਸੀ। ‘ਇੰਡੀਆ’ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਅਜਿਹੇ ਸਮੇਂ ’ਚ ਜਦੋਂ ਭਾਜਪਾ ਦੇ ਖਿਲਾਫ ਇਕਜੁੱਟ ਹੋ ਕੇ ਇਕ ਮੋਰਚਾ ਬਣਾਇਆ ਜਾ ਰਿਹਾ ਹੈ ਤਾਂ ਪਵਾਰ ਦਾ ਇਸ ਪ੍ਰੋਗਰਾਮ ’ਚ ਸ਼ਾਮਲ ਹੋਣਾ ਵਿਰੋਧੀ ਧਿਰ ਲਈ ਚੰਗਾ ਨਹੀਂ ਹੋਵੇਗਾ। ਪਵਾਰ ਨੇ ਉਨ੍ਹਾਂ ਸੰਸਦ ਮੈਂਬਰਾਂ ਨਾਲ ਮੁਲਾਕਾਤ ਨਹੀਂ ਕੀਤੀ ਸੀ, ਜੋ ਉਨ੍ਹਾਂ ਨੂੰ ਇਸ ਸਮਾਰੋਹ ’ਚ ਸ਼ਾਮਲ ਨਾ ਹੋਣ ਲਈ ਮਨਾਉਣਾ ਚਾਹੁੰਦੇ ਸਨ।

Rakesh

This news is Content Editor Rakesh