ਮੋਦੀ-ਸ਼ੀ ਸੰਮੇਲਨ:18 ਕਿਸਮਾਂ ਦੀਆਂ ਸਬਜੀਆਂ-ਫਲਾਂ ਨਾਲ ਸਜਾਇਆ ਗਿਆ ਵਿਸ਼ਾਲ ਗੇਟ (ਤਸਵੀਰਾਂ)

10/11/2019 1:08:28 PM

ਚੇੱਨਈ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਗੈਰ ਰਸਮੀ ਸੰਮੇਲਨ ਲਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਜ ਭਾਵ ਸ਼ੁੱਕਰਵਾਰ ਨੂੰ ਚੇੱਨਈ ਪਹੁੰਚ ਰਹੇ ਹਨ, ਜਿਸ ਦੇ ਲਈ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਦੁਨੀਆ ਦੇ ਦੋ ਦਿੱਗਜ਼ ਨੇਤਾਵਾਂ ਦੀ ਇਸ ਮਹਾਮੁਲਾਕਾਤ ਲਈ ਮਹਾਂਬਲੀਪੁਰਮ ਪੂਰੀ ਤਰ੍ਹਾਂ ਤਿਆਰ ਹੈ। ਦੋਵਾਂ ਨੇਤਾਵਾਂ ਲਈ ਸਖਤ ਸੁਰੱਖਿਆ ਪ੍ਰਬੰਧਾਂ ਦੀ ਵਿਵਸਥਾ ਵੀ ਕੀਤੀ ਗਈ ਹੈ।

ਦੱਸ ਦੇਈਏ ਕਿ ਸਮੁੰਦਰ ਕਿਨਾਰੇ ਵਸੇ ਇਸ ਪ੍ਰਾਚੀਨ ਸ਼ਹਿਰ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਨਦਾਰ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਮਹਾਬਲੀਪੁਰਮ 'ਚ ਪੰਚ ਰੱਥ ਕੋਲ ਮੋਦੀ ਜਿਨਪਿੰਗ ਦੇ ਸਵਾਗਤ ਲਈ ਬਾਗਬਾਨੀ ਵਿਭਾਗ ਨੇ ਇੱਕ ਵਿਸ਼ਾਲ ਗੇਟ ਨੂੰ ਸਜਾਇਆ ਹੈ। ਇਸ ਦੀ ਸਜਾਵਟ 'ਚ 18 ਕਿਸਮਾਂ ਦੀਆਂ ਸਬਜੀਆਂ ਅਤੇ ਫਲਾਂ ਦੀ ਵਰਤੋਂ ਕੀਤੀ ਗਈ ਹੈ।

ਇਨ੍ਹਾਂ ਫਲਾਂ ਅਤੇ ਸਬਜੀਆਂ ਨੂੰ ਤਾਮਿਲਨਾਡੂ ਦੇ ਵੱਖ-ਵੱਖ ਇਲਾਕਿਆਂ ਤੋਂ ਮੰਗਵਾਇਆ ਗਿਆ ਹੈ। ਵਿਭਾਗ  ਦੇ 200 ਸਟਾਫ ਮੈਂਬਰਾਂ ਅਤੇ ਟ੍ਰੇਨੀ ਨੇ ਮਿਲ ਕੇ 10 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਇਸ ਗੇਟ ਨੂੰ ਸਜਾਉਣ ਲਈ ਕੰਮ ਕੀਤਾ ਹੈ।

ਮਮਲਾਪੁਰਮ ਦੇ ਪ੍ਰਾਚੀਨ ਸਮਾਰਕਾਂ ਨੂੰ ਵੀ ਸਜਾਇਆ ਗਿਆ ਹੈ ਅਤੇ ਚੇੱਨਈ ਇੰਟਰਨੈਸ਼ਨਲ ਏਅਰਪੋਰਟ ਨੂੰ ਵੀ ਖੂਬ ਸਜਾਇਆ ਗਿਆ ਹੈ। ਚੀਨ ਦੇ ਰਾਸ਼ਟਰਪਤੀ ਜਿਸ ਹੋਟਲ 'ਚ ਰੁਕਣਗੇ ਉਸ ਦੇ ਸਾਹਮਣੇ ਕੇਲੇ ਦੇ ਰੁੱਖਾਂ ਅਤੇ ਗੰਨੇ ਨਾਲ ਰਵਾਇਤੀ ਮੁੱਖ ਦਰਵਾਜੇ ਬਣਾਏ ਗਏ ਹਨ।

ਇਸ ਤੋਂ ਇਲਾਵਾ ਚੇੱਨਈ ਅਤੇ ਮਹਾਬਲੀਪੁਰਮ 'ਚ ਸੁਰੱਖਿਆ ਦੇ ਸਖਤ ਪ੍ਰਬੰਧਾਂ ਦੀ ਵਿਵਸਥਾ ਕੀਤੀ ਗਈ ਹੈ। ਤੱਟਵਰਤੀ ਸ਼ਹਿਰ ਹੋਣ ਕਰਕੇ ਇੰਡੀਅਨ ਨੇਵੀ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸ਼ਹਿਰ 'ਚ 5,000 ਪੁਲਸ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਸ਼ਹਿਰ ਦੇ ਕੋਨੇ ਕੋਨੇ 'ਚ 800 ਸੀ. ਸੀ. ਟੀ. ਵੀ ਕੈਮਰੇ ਵੀ ਲਗਾਏ ਗਏ ਹਨ।

ਦੱਸਣਯੋਗ ਹੈ ਕਿ ਪੀ. ਐੱਮ. ਮੋਦੀ ਅਤੇ ਜਿਨਪਿੰਗ ਵਿਚਾਲੇ ਇਹ ਸਿਖਰ ਵਾਰਤਾ ਮਹਾਬਲੀਪੁਰਮ 'ਚ ਹੋਵੇਗੀ। ਦੁਨੀਆ ਦੇ ਦੋ ਵੱਡੇ ਰਾਸ਼ਟਰ ਪ੍ਰਧਾਨਾਂ ਵਿਚਾਲੇ ਇਸ ਪ੍ਰਾਚੀਨ ਸ਼ਹਿਰ 'ਚ ਸ਼ਾਮ 5 ਵਜੇ ਮੁਲਾਕਾਤ ਹੋਵੇਗੀ।

ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮੁਲਾਕਾਤ ਦੌਰਾਨ ਅੱਤਵਾਦ ਨਾਲ ਨਾਲ ਕਈ ਵੱਡੇ ਮੁੱਦਿਆਂ ਸੰਬੰਧੀ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਵੇਗੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚੀਨ ਦੇ ਰਾਸ਼ਟਰਪਤੀ 2 ਦਿਨਾਂ ਦੇ ਦੌਰੇ 'ਤੇ ਭਾਰਤ ਆ ਰਹੇ ਹਨ ਅਤੇ ਉਹ ਦੁਪਹਿਰ 2 ਵਜੇ ਇੱਥੇ ਪਹੁੰਚਣਗੇ।

Iqbalkaur

This news is Content Editor Iqbalkaur