PM ਮੋਦੀ ਬੋਲੇ- ਨਾਗਰਿਕਤਾ ਸੋਧ ਕਾਨੂੰਨ ਦਾ ਫੈਸਲਾ ਹਜ਼ਾਰ ਫੀਸਦੀ ਸੱਚਾ

12/15/2019 6:08:53 PM

ਦੁਮਕਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਝਾਰਖੰਡ ਦੇ ਦੁਮਕਾ 'ਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਸੰਸਦ ਨੇ ਨਾਗਰਿਕਤਾ ਕਾਨੂੰਨ ਨਾਲ ਜੁੜਿਆ ਇਕ ਮਹੱਤਵਪੂਰਨ ਬਦਲਾਅ ਕੀਤਾ ਹੈ। ਸੰਸਦ ਦੇ ਦੋਹਾਂ ਸਦਨਾਂ 'ਚ ਭਾਰੀ ਬਹੁਮਤ ਨਾਲ ਨਾਗਰਿਕਤਾ ਬਿੱਲ ਦਾ ਪਾਸ ਹੋਣਾ ਹਜ਼ਾਰ ਫੀਸਦੀ ਸਹੀ ਅਤੇ ਸੱਚਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਘੱਟ ਗਿਣਤੀ ਵਿਚ ਸਨ ਅਤੇ ਵੱਖਰੇ ਧਰਮ ਦਾ ਪਾਲਣ ਕਰਦੇ ਸਨ, ਇਸ ਲਈ ਉਨ੍ਹਾਂ 'ਤੇ ਜ਼ੁਲਮ ਹੋਏ। ਇਨ੍ਹਾਂ ਤਿੰਨਾਂ ਦੇਸ਼ਾਂ ਤੋਂ ਹਿੰਦੂ, ਈਸਾਈ, ਸਿੱਖ, ਪਾਰਸੀ, ਜੈਨ ਅਤੇ ਬੌਧ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਆਪਣੇ ਪਿੰਡ, ਘਰ, ਪਰਿਵਾਰ ਸਭ ਕੁਝ ਛੱਡ ਕੇ ਭਾਰਤ 'ਚ ਸ਼ਰਨਾਰਥੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਸ਼ਰਨਾਰਥੀਆਂ ਨੂੰ ਸਨਮਾਨ ਅਤੇ ਉਨ੍ਹਾਂ ਦੀ ਜ਼ਿੰਦਗੀ ਸੁਧਾਰਨ ਲਈ ਨਾਗਰਿਕਤਾ ਕਾਨੂੰਨ ਦਾ ਫੈਸਲਾ ਕੀਤਾ ਗਿਆ।

ਇਸ ਕਾਨੂੰਨ 'ਤੇ ਵਿਰੋਧ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਾਥੀ ਤੂਫਾਨ ਖੜ੍ਹਾ ਕਰ ਰਹੇ ਹਨ। ਉਨ੍ਹਾਂ ਦੀ ਗੱਲ ਬਣਦੀ ਨਹੀਂ ਹੈ ਤਾਂ ਅਗਜ਼ਨੀ ਫੈਲਾ ਰਹੇ ਹਨ। ਇਹ ਸਿਰਫ ਆਪਣੇ ਪਰਿਵਾਰ ਬਾਰੇ ਸੋਚਦੇ ਹਨ। ਇਹ ਕੌਣ ਹਨ, ਉਨ੍ਹਾਂ ਦੇ ਕੱਪੜਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ। ਪੀ. ਐੱਮ. ਨੇ ਕਿਹਾ ਕਿ ਕਾਂਗਰਸ ਅਤੇ ਉਨ੍ਹਾਂ ਦੇ ਸਾਥੀ ਸਮਝ ਲੈਣ। ਤੁਸੀਂ ਇਹ ਜੋ ਅੱਗ ਲਾਉਣ ਵਾਲਿਆਂ ਨੂੰ ਚੁੱਪ-ਚਪੀਤੇ ਸਮਰਥਨ ਦੇ ਰਹੇ ਹੋ, ਹਿੰਸਾ 'ਤੇ ਆਪਣੀਆਂ ਅੱਖਾਂ ਬੰਦ ਕਰ ਰਹੇ ਹੋ, ਉਹ ਸਭ ਦੇਸ਼ ਦੇਖ ਰਿਹਾ ਹੈ। ਇਸ ਨੂੰ ਦੇਖ ਕੇ ਦੇਸ਼ ਦਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੈ ਕਿ ਸੰਸਦ ਨੇ ਨਾਗਰਿਕਤਾ ਕਾਨੂੰਨ ਬਣਾ ਕੇ ਦੇਸ਼ ਨੂੰ ਬਚਾ ਲਿਆ ਹੈ।

Tanu

This news is Content Editor Tanu