ਪਹਿਲਾਂ ਦਰੱਖ਼ਤ, ਫਿਰ ਮੰਦਰ ਦੇ ਗੁੰਬਦ ਨਾਲ ਟਕਰਾਇਆ ਜਹਾਜ਼, ਹਾਦਸੇ 'ਚ ਪਾਇਲਟ ਦੀ ਮੌਤ

01/06/2023 10:33:53 AM

ਰੀਵਾ (ਭਾਸ਼ਾ)- ਮੱਧ ਪ੍ਰਦੇਸ਼ 'ਚ ਰੀਵਾ ਹਵਾਈ ਪੱਟੀ ਨੇੜੇ ਇਕ ਸਿਖਲਾਈ ਜਹਾਜ਼ ਮੰਦਰ ਦੇ ਗੁੰਬਦ ਨਾਲ ਟਕਰਾਉਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਜਹਾਜ਼ 'ਤੇ ਸਵਾਰ ਪਾਇਲਟ ਦੀ ਮੌਤ ਹੋ ਗਈ, ਜਦਕਿ ਇਕ ਟਰੇਨੀ ਪਾਇਲਟ ਜ਼ਖਮੀ ਹੋ ਗਿਆ। ਚੋਰਹਟਾ ਪੁਲਸ ਥਾਣੇ ਦੇ ਇੰਚਾਰਜ ਜੇਪੀ ਪਟੇਲ ਨੇ ਦੱਸਿਆ ਕਿ ਸਿਖਲਾਈ ਜਹਾਜ਼ ਵੀਰਵਾਰ ਰਾਤ ਕਰੀਬ 11.30 ਵਜੇ ਰੇਵਾ ਚੋਰਹਾਟਾ ਹਵਾਈ ਪੱਟੀ ਤੋਂ ਉਡਾਣ ਭਰਨ ਤੋਂ ਬਾਅਦ ਤਿੰਨ ਕਿਲੋਮੀਟਰ ਦੂਰ ਇਕ ਮੰਦਰ ਦੇ ਗੁੰਬਦ ਅਤੇ ਦਰੱਖਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਉੱਥੇ ਹੀ ਰੀਵਾ ਦੇ ਜ਼ਿਲ੍ਹਾ ਅਧਿਕਾਰੀ ਮਨੋਜ ਪੁਸ਼ਪ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ,''ਸਿਖਲਾਈ ਜਹਾਜ਼ ਦੇ ਹਾਦਸੇ 'ਚ ਪਟਨਾ (ਬਿਹਾਰ) ਦੇ ਰਹਿਣ ਵਾਲੇ ਕੈਪਟਨ ਵਿਮਲ ਕੁਮਾਰ (50) ਦੀ ਦਰਦਨਾਕ ਮੌਤ ਹੋ ਗਈ, ਜਦਕਿ ਜੈਪੁਰ (ਰਾਜਸਥਾਨ) ਦਾ ਰਹਿਣ ਵਾਲਾ ਟਰੇਨੀ ਪਾਇਲਟ ਸੋਨੂੰ ਯਾਦਵ (23) ਜ਼ਖ਼ਮੀ ਹੋ ਗਿਆ। ਚੋਰਹਾਟਾ ਥਾਣਾ ਇੰਚਾਰਜ ਪਟੇਲ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਸੋਨੂੰ ਯਾਦਵ ਨੂੰ ਰੀਵਾ ਦੇ ਸੰਜੇ ਗਾਂਧੀ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha