ਲੋਕਾਂ ਦਾ ਹਿਮਾਚਲ ਪੁਲਸ ਤੋਂ ਉਠਿਆ ਭਰੋਸਾ, ਹੁਣ ਹੋਵੇਗੀ ਸ਼ੀ. ਬੀ. ਆਈ. ਕਾਰਵਾਈ

07/20/2017 7:25:04 AM

ਹਿਮਾਚਲ ਪ੍ਰਦੇਸ਼— ਕਈ ਅਣਸੁਲਝੇ ਕੇਸਾਂ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਦੀ ਪੁਲਸ ਦੇ ਅਕਸ 'ਤੇ ਕਦੇ ਦਾਗ ਨਹੀਂ ਲੱਗਾ ਸੀ ਪਰ ਦਿੱਲੀ ਦੇ 'ਨਿਰਭਯਾ' ਕੇਸ ਦੀ ਤਰਜ਼ 'ਤੇ ਸ਼ਿਮਲਾ ਜ਼ਿਲੇ ਦੇ ਕੋਟਖਾਈ 'ਚ ਇਕ ਨਾਬਾਲਿਗਾ (ਗੁੜੀਆ) ਨਾਲ ਹੋਏ ਗੈਂਗਰੇਪ ਅਤੇ ਕਤਲ ਕੇਸ ਕਾਰਨ ਪੂਰੇ ਸੂਬੇ 'ਚ ਹਿਮਾਚਲ ਪੁਲਸ ਦੀ ਸਾਖ ਨੂੰ ਧੱਬਾ ਲੱਗਾ ਹੈ, ਬੇਸ਼ੱਕ ਪੁਲਸ ਨੇ ਇਸ ਮਾਮਲੇ 'ਚ 55 ਘੰਟਿਆਂ ਦੀ ਲਗਾਤਾਰ ਜਾਂਚ ਤੋਂ ਬਾਅਦ 6 ਦੋਸ਼ੀਆਂ ਨੂੰ ਫੜ ਵੀ ਲਿਆ।
ਪੁਲਸ ਹਿਰਾਸਤ 'ਚ ਇਕ ਦੋਸ਼ੀ ਵਲੋਂ ਨੇਪਾਲੀ ਮੂਲ ਦੇ ਦੂਜੇ ਦੋਸ਼ੀ ਦੀ ਹੱਤਿਆ ਵੀ ਕਰ ਦਿੱਤੀ ਗਈ ਹੈ, ਜਿਸ ਨਾਲ ਸਾਰੇ ਮਾਮਲੇ ਨੂੰ ਪੁਲਸ ਦੀ ਲਾਪਰਵਾਹੀ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਹੈ। ਇਸ ਕੇਸ ਦੀ ਪੂਰੀ ਦਿਸ਼ਾ ਨੂੰ ਬਦਲਣ 'ਚ ਸੋਸ਼ਲ ਮੀਡੀਆ ਅਤੇ ਸੂਬੇ ਭਰ 'ਚ ਚੱਲ ਰਹੇ ਜਨ ਅੰਦੋਲਨਾਂ ਦਾ ਅਹਿਮ ਯੋਗਦਾਨ ਰਿਹਾ ਹੈ। ਸਰਕਾਰ ਨੂੰ ਲੋਕਾਂ ਦੇ ਦਬਾਅ ਹੇਠ ਇਹ ਮਾਮਲਾ ਸੀ. ਬੀ. ਆਈ. ਨੂੰ ਸੌਂਪਣਾ ਪਿਆ।
ਲੋਕ ਰੋਹ ਇੰਨਾ ਜ਼ਿਆਦਾ ਹੈ ਕਿ ਵਿਰੋਧ ਮੁਜ਼ਾਹਰਿਆਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਸ ਮਾਮਲੇ ਤੋਂ ਬਾਅਦ ਹੁਣ ਕਤਲ, ਅਗਵਾ ਤੇ ਬਲਾਤਕਾਰਾਂ ਦੇ ਹੋਰ ਕਈ ਅਣਸੁਲਝੇ ਮਾਮਲੇ ਵੀ ਜਾਂਚ ਵਾਸਤੇ ਸੀ. ਬੀ. ਆਈ. ਨੂੰ ਸੌਂਪਣ ਦੀ ਮੰਗ ਪੂਰੇ ਸੂਬੇ 'ਚ ਗੂੰਜਣ ਲੱਗੀ ਹੈ, ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਹਿਮਾਚਲ ਪੁਲਸ ਸੂਬੇ ਦੇ ਲੋਕਾਂ ਦਾ ਭਰੋਸਾ ਗੁਆ ਰਹੀ ਹੈ। 
ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਕੋਨੇ-ਕੋਨੇ 'ਚ 'ਗੁੜੀਆ' ਨੂੰ ਇਨਸਾਫ ਦਿਵਾਉਣ ਲਈ ਸਰਕਾਰ ਅਤੇ ਪੁਲਸ ਵਿਰੁੱਧ ਮੁਜ਼ਾਹਰੇ ਹੋ ਰਹੇ ਹਨ। ਦਿੱਲੀ ਦੇ ਜੰਤਰ-ਮੰਤਰ, ਮੁੰਬਈ ਦੇ ਗੇਟਵੇ ਆਫ ਇੰਡੀਆ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਵੀ ਮੁਜ਼ਾਹਰਿਆਂ ਦਾ ਦੌਰ ਜਾਰੀ ਹੈ। 
6 ਜੁਲਾਈ ਨੂੰ ਕੋਟਖਾਈ ਨੇੜੇ 'ਗੁੜੀਆ' ਦੀ ਨਗਨ ਲਾਸ਼ ਮਿਲਣ ਤੋਂ ਬਾਅਦ ਲੋਕ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ। ਪਹਿਲੇ ਕੁਝ ਦਿਨ ਤਾਂ ਪੁਲਸ ਇਸ ਬਲਾਈਂਡ ਮਰਡਰ ਐਂਡ ਰੇਪ ਕੇਸ ਦੀ ਜਾਂਚ ਕਰਦੀ ਰਹੀ ਪਰ ਉਸ ਦੇ ਹੱਥ ਕੁਝ ਨਹੀਂ ਲੱਗਾ। 
ਉਸ ਤੋਂ ਬਾਅਦ ਇਕ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਦੀ ਅਗਵਾਈ ਹੇਠ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ, ਜਿਸ ਨੇ ਟੈਕਨੀਕਲ ਅਤੇ ਸਾਇੰਟਿਫਿਕ ਐਵੀਡੈਂਸ ਦੇ ਆਧਾਰ 'ਤੇ ਲਗਾਤਾਰ 55 ਘੰਟੇ ਦਿਨ-ਰਾਤ ਇਸ ਕੇਸ ਦੀ ਜਾਂਚ ਕੀਤੀ ਅਤੇ 6 ਦੋਸ਼ੀਆਂ ਨੂੰ ਹਿਰਾਸਤ 'ਚ ਲਿਆ।
ਪਰ ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਪੁਲਸ ਵਿਰੁੱਧ ਦੋਸ਼ ਲੱਗਣੇ ਸ਼ੁਰੂ ਹੋ ਗਏ ਕਿ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹੋ ਨਹੀਂ, ਚਾਰ ਨੌਜਵਾਨਾਂ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀਆਂ ਗਈਆਂ। ਮੁੱਖ ਮੰਤਰੀ ਦੇ ਫੇਸਬੁੱਕ ਪੇਜ 'ਤੇ ਵੀ ਇਹ ਫੋਟੋਆਂ ਪਾਈਆਂ ਗਈਆਂ। ਜ਼ਾਹਿਰ ਹੈ ਕਿ ਪੁਲਸ ਦੀ ਸਾਰੀ ਕਾਰਵਾਈ ਸਵਾਲਾਂ ਦੇ ਘੇਰੇ 'ਚ ਆ ਗਈ ਕਿਉਂਕਿ ਮੁੱਖ ਮੰਤਰੀ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਇਸ ਕੇਸ ਨਾਲ ਕਿਤੇ ਨਾ ਕਿਤੇ ਕੋਈ ਸੰਬੰਧ ਰੱਖਣ ਵਾਲੇ ਚਾਰ ਨੌਜਵਾਨਾਂ ਦੀਆਂ ਫੋਟੋਆਂ ਦੋਸ਼ੀਆਂ ਦੇ ਰੂਪ 'ਚ ਆ ਚੁੱਕੀਆਂ ਸਨ। 
ਸ਼ੱਕ ਦੇ ਦਾਇਰੇ 'ਚ ਆਈ ਪੁਲਸ ਦੀ ਕਾਰਵਾਈ ਕਾਰਨ ਲੋਕਾਂ ਦਾ ਪੁਲਸ 'ਤੋਂ ਭਰੋਸਾ ਉੱਠ ਗਿਆ ਅਤੇ ਹਜ਼ਾਰਾਂ ਲੋਕ 'ਗੁੜੀਆ' ਨੂੰ ਇਨਸਾਫ ਦਿਵਾਉਣ ਲਈ ਸੜਕਾਂ 'ਤੇ ਉਤਰ ਆਏ। ਲੋਕਾਂ ਦੇ ਭਾਰੀ ਵਿਰੋਧ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਬਾਰੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ।
'ਗੁੜੀਆ' ਕੇਸ 'ਚ ਸੋਸ਼ਲ ਮੀਡੀਆ 'ਤੇ ਜਿਹੜੇ ਚਾਰ ਨੌਜਵਾਨਾਂ ਦੀਆਂ ਫੋਟੋਆਂ ਅਪਲੋਡ ਹੋਈਆਂ ਸਨ, ਉਨ੍ਹਾਂ 'ਚੋਂ ਪੁਲਸ ਦੋ ਨੌਜਵਾਨਾਂ ਦੀ ਮੈਡੀਕਲ ਜਾਂਚ ਕਰਵਾ ਚੁੱਕੀ ਹੈ ਪਰ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਵੀ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਕਿਉਂਕਿ ਪੁਲਸ ਦੀ ਹਰ ਪਲ ਦੀ ਕਾਰਵਾਈ 'ਤੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇਸ ਸਾਰੇ ਮਾਮਲੇ 'ਚ ਪੁਲਸ ਲਈ ਇਹ ਜਾਂਚ ਅੱਗੇ ਵਧਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਹਾਲਾਂਕਿ ਸੂਬੇ 'ਚ ਸ਼ਾਇਦ ਇਹ ਪਹਿਲਾ ਗੈਂਗਰੇਪ ਤੇ ਅੰਨ੍ਹੇ ਕਤਲ ਦਾ ਕੇਸ ਹੈ, ਜਿਸ ਨੂੰ ਪੁਲਸ ਨੇ ਟੈਕਨੀਕਲ ਅਤੇ ਸਾਇੰਟਿਫਿਕ ਐਵੀਡੈਂਸ ਦੇ ਆਧਾਰ 'ਤੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਜ਼ਾਹਿਰ ਹੈ ਕਿ ਲੋਕਾਂ ਦਾ ਭਰੋਸਾ ਗੁਆ ਚੁੱਕੀ ਪੁਲਸ ਵੀ ਹੁਣ ਇਸ ਮਾਮਲੇ ਨੂੰ ਸੀ. ਬੀ. ਆਈ. ਵਲੋਂ ਸੰਭਾਲਣ ਦੀ ਉਡੀਕ ਕਰ ਰਹੀ ਹੈ। 
'ਗੁੜੀਆ' ਕੇਸ 'ਚ ਲੋਕਾਂ ਦੇ ਗੁੱਸੇ ਨੂੰ ਅੰਦੋਲਨ ਦਾ ਰੂਪ ਦੇਣ ਲਈ ਸਰਕਾਰ ਨੇ ਵੀ ਪੂਰਾ ਸਮਾਂ ਦੇਣ ਦੀ ਭੁੱਲ ਕੀਤੀ ਹੈ ਕਿਉਂਕਿ ਇਕ ਨਾਬਾਲਿਗ ਬੱਚੀ ਨਾਲ ਗੈਂਗਰੇਪ ਤੇ ਬਾਅਦ 'ਚ ਉਸ ਦੀ ਹੱਤਿਆ ਦੇ ਮਾਮਲੇ 'ਚ ਸਰਕਾਰ ਨੇ ਸੰਵੇਦਨਹੀਣਤਾ ਵਾਲਾ ਰੁਖ਼ ਅਪਣਾਈ ਰੱਖਿਆ। 'ਗੁੜੀਆ' ਦੀ ਲਾਸ਼ ਮਿਲਣ ਤੋਂ ਤੁਰੰਤ ਬਾਅਦ ਨਾ ਤਾਂ ਸਰਕਾਰ ਦਾ ਕੋਈ ਸੀਨੀਅਰ ਮੰਤਰੀ/ਨੇਤਾ ਤੇ ਨਾ ਹੀ ਕੋਈ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਪੀੜਤ ਪਰਿਵਾਰ ਨੂੰ ਮਿਲਣ ਗਿਆ।
'ਗੁੜੀਆ' ਕਈ ਮੀਲ ਜੰਗਲ ਦੇ ਰਸਤਿਓਂ ਪੈਦਲ ਸਕੂਲ ਜਾਂਦੀ ਸੀ ਤੇ ਸਕੂਲ ਤੋਂ ਵਾਪਸੀ ਵੇਲੇ ਹੀ ਇਸ ਦਰਿੰਦਗੀ ਦਾ ਸ਼ਿਕਾਰ ਹੋਈ। 'ਗੁੜੀਆ' ਦੇ ਪਿੰਡ ਤੋਂ ਸਕੂਲ ਬਹੁਤ ਦੂਰ ਹੈ ਤੇ ਇਸ ਘਟਨਾ ਤੋਂ ਬਾਅਦ ਹੁਣ ਇਸ ਇਲਾਕੇ ਦੇ ਕਈ ਪਿੰਡਾਂ ਦੇ ਬੱਚੇ ਸਕੂਲ ਹੀ ਨਹੀਂ ਜਾ ਰਹੇ ਕਿਉਂਕਿ ਉਨ੍ਹਾਂ ਦੇ ਦਿਲ 'ਚ ਡਰ ਪੈਦਾ ਹੋ ਚੁੱਕਾ ਹੈ। ਬਿਹਤਰ ਹੁੰਦਾ ਕਿ ਮੁੱਖ ਮੰਤਰੀ ਵੀਰਭੱਦਰ ਸਿੰਘ 'ਗੁੜੀਆ' ਦੇ ਪਿੰਡ 'ਚ ਸਕੂਲ ਖੋਲ੍ਹਣ ਦਾ ਐਲਾਨ ਕਰਦੇ ਤਾਂ ਕਿ ਭਵਿੱਖ 'ਚ ਕੋਈ 'ਗੁੜੀਆ' ਅਜਿਹੀ ਦਰਿੰਦਗੀ ਦਾ ਸ਼ਿਕਾਰ ਨਾ ਹੋਵੇ।
ਹਾਲਾਂਕਿ ਮੁੱਖ ਮੰਤਰੀ ਨੇ ਆਪਣੇ ਇਸ ਕਾਰਜਕਾਲ ਦੌਰਾਨ ਸੈਂਕੜੇ ਨਵੇਂ ਸਕੂਲ ਖੋਲ੍ਹੇ ਹਨ ਪਰ 'ਗੁੜੀਆ' ਕਾਂਡ ਤੋਂ ਬਾਅਦ ਵੀ ਇਸ ਇਲਾਕੇ 'ਚ ਸਕੂਲ ਖੋਲ੍ਹਣ ਦਾ ਅਜੇ ਤਕ ਉਹ ਐਲਾਨ ਨਹੀਂ ਕਰ ਸਕੇ।
ਹਿਮਾਚਲ ਪੁਲਸ 'ਤੇ ਲੋਕਾਂ ਦਾ ਭਰੋਸਾ ਬਣਿਆ ਰਹੇ, ਇਸ ਦੇ ਲਈ ਰਾਜਨੇਤਾਵਾਂ ਨੂੰ ਅਪਰਾਧਿਕ ਮਾਮਲਿਆਂ 'ਚ ਪੁਲਸ ਦੇ ਕੰਮ 'ਚ ਦਖਲਅੰਦਾਜ਼ੀ ਛੱਡਣੀ ਪਵੇਗੀ। 'ਗੁੜੀਆ' ਮਾਮਲੇ ਦਾ ਰੁਖ਼ ਸੋਸ਼ਲ ਮੀਡੀਆ ਕਾਰਨ ਹੀ ਬਦਲਿਆ ਹੈ, ਜਿਸ ਤੋਂ ਲੱਗਦਾ ਹੈ ਕਿ ਜਾਂ ਤਾਂ ਜਾਂਚ 'ਚ ਪੁਲਸ ਵਲੋਂ ਕੋਈ ਲਾਪਰਵਾਹੀ ਹੋਈ ਹੈ ਜਾਂ ਫਿਰ ਲੋਕ ਬਹੁਤ ਕਾਹਲੀ 'ਚ ਹਨ।