ਪ੍ਰਦੂਸ਼ਣ ਦੇ ਮੱਦੇਨਜ਼ਰ NGT ਨੇ ਪਾਣੀਪਤ ਰਿਫਾਇਨਰੀ ਨੂੰ ਲਗਾਇਆ 17.31 ਕਰੋੜ ਦਾ ਜੁਰਮਾਨਾ

05/14/2019 1:30:36 AM

ਪਾਣੀਪਤ — ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਹਰਿਆਣਾ ਦੇ ਪਾਣੀਪਤ ਵਿਚ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਰਿਫਾਇਨਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ’ਤੇ ਸਖਤ ਰੁਖ਼ ਅਪਣਾਉਂਦੇ ਹੋਏ ਉਸ ਨੂੰ 17.31 ਕਰੋੜ ਰੁਪਏ ਜੁਰਮਾਨਾ ਕੀਤਾ ਹੈ।

ਰਿਫਾਇਨਰੀ ਦੇ ਨਾਲ ਲੱਗਦੇ ਪਿੰਡ ਸੁਤਾਨਾ ਦੇ ਸਰਪੰਚ ਸਤਪਾਲ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਰਿਫਾਇਨਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਪਿੰਡ ਸਮੇਤ ਗੁਆਂਢੀ ਪਿੰਡ ਦਦਲਾਨਾ ਅਤੇ ਨਿਊਗੋਲੀ ਦੇ ਲੋਕਾਂ ਦੀ ਸ਼ਿਕਾਇਤ ਨੂੰ ਲੈ ਕੇ ਉਨ੍ਹਾਂ ਨੇ ਐੱਨ. ਜੀ.ਟੀ. ਦਾ ਦਰਵਾਜ਼ਾ ਖੜਕਾਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਜਲਦੀ ਹੀ ਇਸ ਬਾਰੇ ਆਪਣੀ ਰਿਪੋਰਟ ਦੇਣ ਲਈ ਕਿਹਾ ਸੀ। ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ, ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਟ੍ਰਿਬਿਊਨਲ ਨੂੰ ਆਪਣੀ ਰਿਪੋਰਟ ਸੌਂਪੀ ਸੀ। ਇਸ ਰਿਪੋਰਟ ਦੇ ਆਧਾਰ ’ਤੇ ਟ੍ਰਿਬਿਊਨਲ ਨੇ ਰਿਫਾਇਨਰੀ ਨੂੰ ਉਪਰੋਕਤ ਜੁਰਮਾਨਾ ਕੀਤਾ ਹੈ। ਸਰਪੰਚ ਨੇ ਦੱਸਿਆ ਕਿ ਇਸ ਸਬੰਧੀ ਇਕ ਚਿੱਠੀ ਉਸ ਨੂੰ ਵੀ ਮਿਲੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਰਿਫਾਇਨਰੀ ਪ੍ਰਸ਼ਾਸਨ ਕੋਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਪ੍ਰਦੂਸ਼ਿਤ ਪਾਣੀ ਨੂੰ ਬਾਹਰ ਆਉਣ ਤੋਂ ਰੋਕਣ ਲਈ ਸਹੀ ਪ੍ਰਬੰਧ ਨਹੀਂ। ਰਿਫਾਇਨਰੀ ਪ੍ਰਦੂਸ਼ਿਤ ਪਾਣੀ ਨੂੰ ਦਿਹਾਤੀ ਇਲਾਕੇ ਦੀ ਹਰਿਆਲੀ ਵਾਲੀ ਪੱਟੀ ਨਾਲ ਛੱਡਦੀ ਹੈ ਜਿਸ ਨਾਲ ਹਜ਼ਾਰਾਂ ਦਰਖਤ ਖਰਾਬ ਹੋ ਗਏ।