ਪਟਨਾ ਦੇ ਗਾਂਧੀ ਮੈਦਾਨ ਬੰਬ ਧਮਾਕਾ ਮਾਮਲੇ ’ਚ ਵੱਡਾ ਫ਼ੈਸਲਾ, 9 ਦੋਸ਼ੀ ਕਰਾਰ

10/27/2021 3:32:59 PM

ਪਟਨਾ (ਵਾਰਤਾ)— ਭਾਜਪਾ ਪਾਰਟੀ ਦੀ ਹੰੁਕਾਰ ਰੈਲੀ ਦੌਰਾਨ ਬਿਹਾਰ ਵਿਚ ਪਟਨਾ ਜੰਕਸ਼ਨ ਅਤੇ ਇਤਿਹਾਸਕ ਗਾਂਧੀ ਮੈਦਾਨ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਮ. ਆਈ. ਏ.) ਦੀ ਵਿਸ਼ੇਸ਼ ਅਦਾਲਤ ਨੇ ਅੱਜ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਇਕ ਨੂੰ ਬਰੀ ਕਰ ਦਿੱਤਾ। ਵਿਸ਼ੇਸ਼ ਜੱਜ ਗੁਰਵਿੰਦਰ ਸਿੰਘ ਮਲਹੋਤਰਾ ਨੇ ਮਾਮਲੇ ਵਿਚ ਸੁਣਵਾਈ ਤੋਂ ਬਾਅਦ ਆਪਣਾ ਫ਼ੈਸਲਾ ਅੱਜ ਤਕ ਲਈ ਸੁਰੱਖਿਅਤ ਰੱਖ ਲਿਆ ਸੀ। ਸੰਜੋਗ ਇਹ ਹੈ ਕਿ ਸਾਲ 2013 ’ਚ ਅੱਜ ਦੇ ਹੀ ਦਿਨ ਪਟਨਾ ’ਚ ਧਮਾਕੇ ਹੋਏ ਸਨ।

ਅਦਾਲਤ ਨੇ ਮਾਮਲੇ ਵਿਚ ਹੈਦਰ ਅਲੀ, ਮੁਜੀਬ ਉੱਲਾਹ, ਨੁਮਾਨ ਅੰਸਾਰੀ, ਉਮਰ ਸਿੱਦੀਕੀ  ਅੰਸਾਰੀ, ਅਜਹਰੂਦੀਨ ਕੁਰੈਸ਼ੀ, ਅਹਿਮਦ ਹੁਸੈਨ, ਇਮਤਿਆਜ਼ ਅੰਸਾਰੀ, ਇਫ਼ਤੇਖਾਰ ਆਲਮ ਅਤੇ ਫਿਰੋਜ਼ ਅਸਲਮ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਇਕ ਹੋਰ ਦੋਸ਼ੀ ਫਖਰੂਦੀਨ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਜ਼ਾ ’ਤੇ ਸੁਣਵਾਈ ਲਈ 1 ਨਵੰਬਰ 2021 ਦੀ ਤਾਰੀਖ਼ ਮਿੱਥੀ ਹੈ। 

ਜ਼ਿਕਰਯੋਗ ਹੈ ਕਿ 27 ਅਕਤੂਬਰ 2013 ਨੂੰ ਭਾਜਪਾ ਦੀ ਹੁੰਕਾਰ ਰੈਲੀ ਦੌਰਾਨ ਪਟਨਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਕਰਬਿਗਹੀਆ ਸਥਿਤ ਪਲੇਟਫ਼ਾਰਮ ਨੰਬਰ-10 ਦੇ ਸੁਲਭ ਪਖਾਨੇ ਅਤੇ ਇਤਿਹਾਸਕ ਗਾਂਧੀ ਮੈਦਾਨ ਵਿਚ ਲੜੀਵਾਰ ਬੰਬ ਧਮਾਕੇ ਹੋਏ ਸਨ, ਜਿਸ ਵਿਚ 6 ਲੋਕ ਮਾਰੇ ਗਏ ਸਨ ਅਤੇ 89 ਲੋਕ ਜ਼ਖਮੀ ਹੋਏ ਸਨ। ਇਸ ਮਾਮਲੇ ਵਿਚ 11 ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਇਨ੍ਹਾਂ ’ਚੋਂ ਇਕ ਲੜਕੇ ਦਾ ਟਰਾਇਲ ਕਿਸ਼ੋਰ ਅਦਾਲਤ ਪਟਨਾ ਵਲੋਂ ਕੀਤਾ ਗਿਆ ਸੀ, ਜਦਕਿ 10 ਲੋਕਾਂ ਦੀ ਸੁਣਵਾਈ ਪਟਨਾ ਅਦਾਲਤ ਸਥਿਤ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਕੀਤੀ ਗਈ ਹੈ। ਮਾਮਲੇ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਆਪਣਾ ਮੁਕੱਦਮਾ ਸਾਬਤ ਕਰਨ ਲਈ ਕੁੱਲ 187 ਗਵਾਹ ਪੇਸ਼ ਕੀਤੇ ਸਨ।
 

Tanu

This news is Content Editor Tanu