ਗੁਜਰਾਤ ''ਚ ਭਾਜਪਾ ਨੂੰ ਘੇਰਣ ਦੀ ਤਿਆਰੀ, ਹਾਰਦਿਕ ਪਟੇਲ ਹੋਣਗੇ ਸ਼ਿਵ ਸੈਨਾ ਦਾ ਚਿਹਰਾ

02/07/2017 10:23:49 PM

ਮੁੰਬਈ— ਸ਼ਿਵ ਸੈਨਾ ਤੇ ਭਾਜਪਾ ਵਿਚਾਲੇ ਤਲਖੀ ਹੁਣ ਇਕ ਨਵੇਂ ਪੱਧਰ ''ਤੇ ਪਹੁੰਚ ਗਈ ਹੈ। ਸ਼ਿਵ ਸੈਨਾ ਮੁਖੀ ਨੇ ਐਲਾਨ ਕੀਤਾ ਹੈ ਕਿ ਪਾਟੀਦਾਰ ਅੰਦੋਲਨ ਦੇ ਕਰਤਾ-ਧਰਤਾ ਹਾਰਦਿਕ ਪਟੇਲ ਗੁਜਰਾਤ ਵਿਧਾਨ ਸਭਾ ਸੀਟ ''ਤੇ ਸੀ. ਐੱਮ. ਕੈਂਡੀਡੇਟ ਹੋਣਗੇ। ਸ਼ਿਵ ਸੈਨਾ ਦਾ ਗੁਜਰਾਤ ਵਿਚ ਕੋਈ ਕੱਦ ਬੇਸ਼ੱਕ ਨਾ ਹੋਵੇ ਪਰ ਭਾਜਪਾ ਦੀਆਂ ਅੱਖਾਂ ਦੀ ਕਿਰਕਰੀ ਸਾਬਿਤ ਹੋ ਚੁੱਕੇ ਹਾਰਦਿਕ ਨੂੰ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਕੇ ਊਧਵ ਨੇ ਦੋਵਾਂ ਪਾਰਟੀਆਂ ਵਿਚਾਲੇ ਖਿੱਚੋਤਾਣ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ।

ਯਾਦ ਰਹੇ ਕਿ ਹਾਰਦਿਕ ਪਟੇਲ ਸੋਮਵਾਰ ਨੂੰ ਮੁੰਬਈ ਪਹੁੰਚੇ ਸਨ। ਉਹ ਇਥੇ ਬੀ. ਐੱਮ. ਸੀ. ਚੋਣਾਂ ਵਿਚ ਸ਼ਿਵ ਸੈਨਾ ਦੇ ਉਮੀਦਵਾਰ ਦਾ ਪ੍ਰਚਾਰ ਕਰਨ ਆਏ ਹਨ। ਉਹ ਊਧਵ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ''ਮਾਤੋਸ਼੍ਰੀ'' ਪਹੁੰਚੇ।  ਇਸ ਤੋਂ ਪਹਿਲਾਂ ਹਾਰਦਿਕ ਨੇ ਸੰਕੇਤ ਦਿੱਤਾ ਕਿ ਉਹ ਚੰਗੇ ਅਕਸ ਵਾਲੇ  ਲੋਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ।  ਸ਼ਿਵ ਸੈਨਾ ਨੇ ਇਸ ਵਾਰ ਬੀ. ਐੱਮ. ਸੀ. ਚੋਣਾਂ ਵਿਚ 11 ਗੁਜਰਾਤੀ ਉਮੀਦਵਾਰਾਂ ਨੂੰ ਉਤਾਰਿਆ ਹੈ। ਭਾਜਪਾ ਸਮਰਥਕ ਮੰਨੇ  ਜਾਣ ਵਾਲੇ ਗੁਜਰਾਤੀਆਂ ਦੇ ਵੋਟ ਬੈਂਕ ਵਿਚ ਸ਼ਿਵ ਸੈਨਾ ਹਾਰਦਿਕ ਦੇ ਸਹਾਰੇ ਸੰਨ੍ਹ ਲਗਾਉਣ ਵਿਚ ਲੱਗੀ ਹੋਈ ਹੈ।