ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ ਭਾਰਤ ਸਰਕਾਰ: ਪ੍ਰਤਾਪ ਬਾਜਵਾ

03/15/2021 6:07:11 PM

ਨਵੀਂ ਦਿੱਲੀ— ਬਜਟ ਸੈਸ਼ਨ ਦੇ ਦੂਜੇ ਪੜਾਅ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਕਿਸਾਨੀ ਮੁੱਦੇ ’ਤੇ ਆਪਣੇ ਵਿਚਾਰ ਸਦਨ ’ਚ ਰੱਖੇ। ਰਾਜ ਸਭਾ ਵਿਚ ਪ੍ਰਤਾਪ ਬਾਜਵਾ ਨੇ ਪੰਜਾਬੀ ’ਚ ਭਾਸ਼ਣ ਦਿੱਤਾ। ਬਾਜਵਾ ਨੇ ਪੰਜਾਬੀ ’ਚ ਬੋਲਦਿਆਂ ਕਿਹਾ ਕਿ ਕੋਵਿਡ-19 ਮਹਾਮਾਰੀ ਸਮੇਂ ਲੱਗੀ ਤਾਲਾਬੰਦੀ ਕਾਰਨ ਸਾਰੇ ਸੂਬਿਆਂ ਦੀ ਵਿੱਤੀ ਹਾਲਤ ਬਹੁਤ ਕਮਜ਼ੋਰ ਹੋ ਗਈ। ਬਾਜਵਾ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਦਾ ਵਿਸ਼ੇਸ਼ ਧਿਆਨ ਇਸ ਗੱਲ ਵੱਲ ਲੈ ਕੇ ਜਾਣਾ ਚਾਹੁੰਦਾ ਹਾਂ ਕਿ ਜਦੋਂ ਤੋਂ 3 ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਸ਼ੁਰੂ ਹੋਇਆ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਜਿਹੜੇ ਕਿ ਅੱਗੇ ਲੱਗ ਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ, ਉਦੋਂ ਤੋਂ ਭਾਰਤ ਸਰਕਾਰ ਦਾ ਰਵੱਈਆ ਖ਼ਾਸ ਕਰ ਕੇ ਪੰਜਾਬ ਸੂਬੇ ਪ੍ਰਤੀ ਇਕ ਮਤਰੇਈ ਮਾਂ ਵਰਗਾ ਹੋ ਗਿਆ ਹੈ।

 

ਰਾਜ ਸਭਾ ਮੈਂਬਰ ਨੇ ਕਿਹਾ ਕਿ ਪਹਿਲਾਂ ਪੰਜਾਬ ਨੂੰ ਰੂਰਲ ਡਿਵੈਲਪਮੈਂਟ ਫੰਡ (ਆਰ. ਡੀ. ਐੱਫ.) 3 ਫ਼ੀਸਦੀ ਮਿਲਦਾ ਸੀ, ਜਿਸ ਨੂੰ ਘਟਾ ਕੇ 1 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਸੂਬੇ ਨੂੰ ਇਕ ਹਜ਼ਾਰ ਕਰੋੜ ਦਾ ਸਲਾਨਾ ਘਾਟਾ ਹੋ ਰਿਹਾ ਹੈ। ਵਸਤਾਂ ਅਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਬਕਾਏ ਬਾਰੇ ਬਾਜਵਾ ਨੇ ਕਿਹਾ ਕਿ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਹਰ ਮਹੀਨੇ ਜੀ. ਐੱਸ. ਟੀ. ਦਾ ਹਿੱਸਾ ਦੇਵੇਗੀ ਪਰ ਪੰਜਾਬ ਨੂੰ ਪਿਛਲੇ 6 ਮਹੀਨੇ ਦਾ 8200 ਕਰੋੜ ਰੁਪਏ ਕੇਂਦਰ ਵਲੋਂ ਅਜੇ ਤੱਕ ਨਹੀਂ ਮਿਲਿਆ।

ਬਾਜਵਾ ਨੇ ਇਸ ਦੇ ਨਾਲ ਹੀ ਕਿਹਾ ਕਿ ਕਣਕ ਦੀ ਕਟਾਈ ਨੂੰ ਇਕ ਮਹੀਨਾ ਰਹਿ ਗਿਆ ਹੈ। 13 ਅਪ੍ਰੈਲ ਨੂੰ ਕਣਕ ਦੀ ਕਟਾਈ ਹੋਵੇਗੀ। ਇਕ ਮਹੀਨਾ ਪਹਿਲਾਂ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੇ ਨਵੇਂ ਨਿਯਮ ਬਣਾ ਦਿੱਤੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕੀ ਗਲੋਬਲ ਵਾਰਮਿੰਗ ਕਿਸੇ ਕਿਸਾਨ ਦੇ ਹੱਥ ’ਚ ਹੈ। ਤੁਸੀਂ ਨਵੇਂ ਨਿਯਮ ਇਕ ਮਹੀਨਾ ਪਹਿਲਾਂ ਲੈ ਕੇ ਆ ਰਹੇ ਹੋ। ਇਸ ਦਰਮਿਆਨ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਵਿਚਾਲੇ ਹੀ ਰੋਕ ਦਿੱਤਾ।

Tanu

This news is Content Editor Tanu