ਸੰਸਦ ਨਾ ਚੱਲਣ ਦੇਣ ਕਾਰਨ ਹੋਇਆ 160 ਕਰੋੜ ਰੁਪਏ ਦਾ ਨੁਕਸਾਨ

04/14/2018 5:18:50 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਪ੍ਰਭਾਤ ਝਾਅ ਨੇ ਕਾਂਗਰਸ 'ਤੇ ਸੰਸਦ ਨਾ ਚੱਲਣ ਦੇਣ ਦਾ  ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਇਸ ਕਾਰਨ ਦੇਸ਼ ਨੂੰ ਲਗਭਗ 160 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਝਾਅ ਨੇ  ਇਥੇ ਕਾਂਗਰਸ ਵਿਰੁੱਧ ਭਾਜਪਾ ਵਲੋਂ ਕੀਤੇ ਗਏ ਦੇਸ਼ ਪੱਧਰੀ 'ਉਪਵਾਸ' ਦੇ ਮੌਕੇ 'ਤੇ ਭੁੱਖ ਹੜਤਾਲ  ਰੱਖੀ ਸੀ।
ਝਾਅ  ਜੋ ਪਾਰਟੀ ਦੇ ਕੌਮੀ ਉਪ ਪ੍ਰਧਾਨ ਵੀ ਹਨ, ਨੇ ਕਿਹਾ ਕਿ ਕਾਂਗਰਸ ਨੇ 5 ਮਾਰਚ ਤੋਂ 6 ਅਪ੍ਰੈਲ ਤੱਕ  ਇਕ ਦਿਨ ਵਿਚ ਇਕ ਮਿੰਟ ਵੀ ਸੰਸਦ ਨਹੀਂ ਚੱਲਣ ਦਿੱਤੀ। ਲੋਕ ਸਭਾ ਅਤੇ ਰਾਜ  ਸਭਾ ਵਿਚ ਪ੍ਰਤੀ ਘੰਟੇ ਦਾ ਖਰਚ ਲਗਭਗ ਡੇਢ ਕਰੋੜ ਆਉਂਦਾ ਹੈ। 25 ਦਿਨਾਂ ਵਿਚ ਸੰਸਦ ਦੇ ਨਾ ਚੱਲਣ ਕਾਰਨ ਦੇਸ਼ ਦਾ 160 ਕਰੋੜ ਰੁਪਏ ਦਾ ਨੁਕਸਾਨ ਹੋਇਆ। ਕਾਂਗਰਸ ਦੇ ਇਸ ਰਵੱਈਏ ਵਿਰੁੱਧ ਅਤੇ ਲੋਕਾਂ ਨੂੰ ਇਸ ਤੋਂ ਜਾਣੂ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਸਭ ਸੰਸਦ ਮੈਂਬਰਾਂ ਨੇ ਭੁੱਖ ਹੜਤਾਲ ਕੀਤੀ।