ਬਜ਼ੁਰਗ ਨਾਲ ਹੋਈ ਕੁੱਟ-ਮਾਰ ''ਤੇ ਲੋਕਾਂ ਨੇ ਲਗਾਇਆ ਜਾਮ, ASI ਸਸਪੈਂਡ

01/22/2018 5:20:56 PM

ਪੰਚਕੁਲਾ (ਉਮੰਗ)- ਹਰਿਆਣਾ 'ਚ ਜਿੱਥੇ ਬੱਚਿਆਂ ਤੇ ਲੜਕੀਆਂ ਨਾਲ ਰੇਪ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ, ਉੱਥੇ ਪੁਲਸ ਕੁਝ ਵੀ ਕਰਨ 'ਚ ਅਸਫਲ ਰਹੀ ਹੈ। ਇਨ੍ਹਾਂ ਵਾਰਦਾਤਾਂ ਤੋਂ ਇੰਝ ਜਾਪਦਾ ਹੈ ਕਿ ਹਵਸ ਦੇ ਦਰਿੰਦਿਆਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ। ਉੱਥੇ ਹੀ ਪੰਚਕੁਲਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਪੁਲਸ ਵਲੋਂ ਇਕ ਬਜ਼ੁਰਗ ਨਾਲ ਗਲਤ ਵਰਤਾਓ ਕੀਤਾ ਗਿਆ। ਪੀੜਤ ਬਜ਼ੁਰਗ ਨੂੰ ਪੰਚਕੁਲਾ ਦੇ ਸੈਕਟਰ-6 ਦੇ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਸੈਕਟਰ-32 ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਭੜਕੇ ਹੋਏ ਲੋਕਾਂ ਨੇ ਪੰਚਕੁਲਾ ਮਨਸਾ ਦੇਵੀ ਇਲਾਕੇ 'ਚ ਸੜਕ 'ਤੇ ਜਾਮ ਲਗਾਇਆ ਹੋਇਆ ਹੈ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਬੀਤੀ ਰਾਤ ਬਜ਼ੁਰਗ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਸਮੇਂ ਹੀ ਗਸ਼ਤ ਕਰ ਰਹੇ ਦੋ ਪੁਲਸ ਮੁਲਾਜ਼ਮ ਉਸਨੂੰ ਰੋਕ ਕੇ ਕੁੱਟ-ਮਾਰ ਕਰਨ ਲੱਗੇ। ਪੁਲਸ ਮੁਲਾਜ਼ਮਾਂ ਵਲੋਂ ਉਸਦੇ ਕੱਪੜੇ ਲਾ ਕੇ ਕੁੱਟਮਾਰ ਕੀਤੀ ਗਈ, ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ। ਪੀੜਤ ਬਜ਼ੁਰਗ ਦਾ ਕਰੀਬੀ ਉਸਨੂੰ ਹਸਪਤਾਲ ਲੈ ਗਿਆ। ਇਸ ਘਟਨਾ ਤੋਂ ਭੜਕੇ ਲੋਕ ਸੜਕ 'ਤੇ ਜਾਮ ਲਗਾ ਕੇ ਮੰਗ ਕਰ ਰਹੇ ਹਨ ਕਿ ਦੋਸ਼ੀ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ।
ਹਾਲਾਂਕਿ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਇਕ ਪੁਲਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਹੈ ਪਰ ਭੜਕੇ ਹੋਏ ਲੋਕ ਇਸ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦੀ ਮੰਗ ਹੈ ਕਿ ਪੁਲਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾਵੇ। ਉੱਥੇ ਹੀ ਪੁਲਸ ਦਾ ਕਹਿਣਾ ਹੈ ਕਿ ਇਕ ASI ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਫਿਲਹਾਲ ਅਜੇ ਤੱਕ ਕੋਈ ਲਿਖਤੀ ਰੂਪ 'ਚ ਸ਼ਿਕਾਇਤ ਨਹੀਂ ਆਈ ਹੈ, ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ 'ਤੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।