ਪਾਕਿ ਰੇਂਜਰਸ ਅਤੇ ਸ਼ੱਕੀ ਘੁਸਪੈਠੀਆਂ ਦੀ ਗੋਲੀਬਾਰੀ ’ਚ 3 ਜਵਾਨ ਸ਼ਹੀਦ

12/16/2019 8:33:14 PM

ਜੰਮੂ — ਕੰਟਰੋਲ ਲਾਈਨ ’ਤੇ ਵੱਖ-ਵੱਖ ਸਥਾਨਾਂ ’ਤੇ ਪਾਕਿ ਰੇਂਜਰਸ ਅਤੇ ਸ਼ੱਕੀ ਘੁਸਪੈਠੀਆਂ ਦੀ ਗੋਲੀਬਾਰੀ ’ਚ 3 ਜਵਾਨ ਸ਼ਹੀਦ ਹੋ ਗਏ ਹਨ, ਜਿਨ੍ਹਾਂ ਦਾ ਭਾਰਤੀ ਫੌਜੀਆਂ ਨੇ ਮੂੰਹ-ਤੋੜ ਜਵਾਬ ਦਿੱਤਾ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ’ਚ ਐੱਲ.ਓ.ਸੀ. ਦੇ ਨੇੜੇ ਸੋਮਵਾਰ ਨੂੰ ਭਾਰਤੀ ਫੌਜ ਅਤੇ ਸ਼ੱਕੀਆਂ ਘੁਸਪੈਠੀਆਂ ਦੇ ਦਰਮਿਆਨ ਭਾਰੀ ਗੋਲੀਬਾਰੀ ਹੋਈ, ਜਿਸ ’ਚ 2 ਜਵਾਨ ਸ਼ਹੀਦ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਪਾਕਿ ਫੌਜ ਚੌਕੀਆਂ ’ਤੇ ਭਾਰੀ ਗੋਲੀਬਾਰੀ ਕਰ ਕੇ ਸ਼ੱਕੀਆਂ ਦੀ ਘੁਸਪੈਠ ਕਰਨ ’ਚ ਸਹਾਇਤਾ ਕਰ ਰਹੀ ਹੈ। ਫੌਜ ਦੇ ਜਵਾਨਾਂ ਨੂੰ ਸੁੰਦਰਬਨੀ ਸੈਕਟਰ ’ਚ ਕੇਰੀ ਬਟਾਲ ਇਲਾਕੇ ’ਚ ਕੰਟਰੋਲ ਲਾਈਨ ਦੇ ਨੇੜੇ ‘ਸ਼ੱਕੀ ਸਰਗਰਮੀਆਂ’ ਦੀ ਜਾਣਕਾਰੀ ਮਿਲੀ। ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਦੇ ਬਾਅਦ ਪਾਕਿਸਤਾਨ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ’ਤੇ ਭਾਰਤੀ ਫੌਜੀਆਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਉਥੇ ਹੀ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੋਰੀ ਜਿਲੇ ’ਚ ਸੋਮਵਾਰ ਨੂੰ ਕੰਟਰੋਲ ਲਾਈਨ ਦੀਆਂ ਅਗਲੀਆਂ ਚੌਕੀਆਂ ’ਤੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵੀ ਬਹਾਦਰੀ ਨਾਲ ਜਵਾਬ ਦੇ ਰਹੀ ਹੈ। ਇਸ ਦਰਮਿਆਨ ਉੱਤਰੀ ਕਸ਼ਮੀਰ ’ਚ ਗੁਰੇਜ ਸੈਕਟਰ ’ਚ ਐੱਲ.ਓ.ਸੀ. ’ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ’ਚ ਫੌਜ ਦਾ ਜਵਾਨ ਸ਼ਹੀਦ ਹੋ ਗਿਆ।

ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਕਰੀਬ 9.45 ਵਜੇ ਪੁੰਛ ਸਥਿਤ ਕ੍ਰਿਸ਼ਨਾਘਾਟੀ ਸੈਕਟਰ ’ਚ ਕੰਟਰੋਲ ਲਾਈਨ ’ਤੇ ਪਾਕਿਸਤਾਨ ਦੀ ਫੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਰ ਨਾਲ ਗੋਲੇ ਦਾਗੇ।

Inder Prajapati

This news is Content Editor Inder Prajapati