ਡਰਾਮੇਬਾਜ਼ ਪਾਕਿ : ਪਹਿਲਾਂ ਕੀਤੀ ਰਹਿਮ ਦੀ ਅਪੀਲ, ਫਿਰ ਦਾਗ਼ੇ ਮੋਰਟਾਰ ਦੇ ਗੋਲੇ, ਬੱਚੇ ਦੀ ਮੌਤ, 9 ਜ਼ਖਮੀ

05/22/2018 10:48:41 AM

ਜੰਮੂ/ਅਰਨੀਆ/ਅਖਨੂਰ (ਏਜੰਸੀ, ਕਾਟਲ, ਰਾਜਿੰਦਰ)— ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ ਵਿਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਰੇਂਜਰਾਂ ਵਲੋਂ ਮੁੜ ਭਿਆਨਕ ਗੋਲਾਬਾਰੀ ਅਤੇ ਮੋਰਟਾਰ ਗੋਲੇ ਦਾਗ਼ਣ ਦੀ ਘਟਨਾ ਵਿਚ ਇਕ ਬੱਚੇ ਦੀ ਮੌਤ ਜਦਕਿ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ. ਪੀ. ਓ.) ਸਮੇਤ 9 ਲੋਕ ਜ਼ਖਮੀ ਹੋ ਗਏ। 
ਮੋਰਟਾਰ ਗੋਲੇ ਅਰਨੀਆ ਕਸਬੇ ਅਤੇ ਇਕ ਪੁਲਸ ਥਾਣੇ 'ਤੇ ਡਿੱਗੇ ਹਨ। ਮੋਰਟਾਰ ਗੋਲੇ ਡਿੱਗਣ ਨਾਲ ਕਈ ਮਕਾਨ ਨੁਕਸਾਨੇ ਗਏ ਜਦਕਿ ਕਈ ਪਸ਼ੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਓਧਰ ਬੀ. ਐੱਸ. ਐੱਫ. ਦੇ ਜਵਾਨ ਵੀ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦੇ ਰਹੇ ਹਨ।
ਜਾਣਕਾਰੀ ਅਨੁਸਾਰ ਭਾਰਤੀ ਸੁਰੱਖਿਆ ਬਲ ਦੀ ਜਵਾਬੀ ਕਾਰਵਾਈ ਤੋਂ ਘਬਰਾ ਕੇ ਸ਼ਾਂਤੀ ਦੀ ਭੀਖ ਮੰਗਣ ਵਾਲੇ ਪਾਕਿ ਨੇ ਫਿਰ ਤੋਂ ਗੋਲੀਬੰਦੀ ਸੰਧੀ ਦੀ ਉਲੰਘਣਾ ਕਰਦੇ ਹੋਏ ਜੰਮੂ ਜ਼ਿਲੇ ਦੇ ਅਰਨੀਆ ਅਤੇ ਸਾਂਬਾ ਜ਼ਿਲੇ ਦੇ ਰਾਮਗੜ੍ਹ ਖੇਤਰਾਂ ਵਿਚ ਰਿਹਾਇਸ਼ੀ ਇਲਾਕਿਆਂ ਅਤੇ ਮੋਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹੈਵੀ ਮੋਰਟਾਰ ਸ਼ੈੱਲ ਦਾਗ਼ੇ। ਭਾਰੀ ਗੋਲਾਬਾਰੀ ਨਾਲ ਸਥਾਨਕ ਲੋਕਾਂ ਵਿਚਾਲੇ ਡਰ ਪੈਦਾ ਹੋ ਗਿਆ ਅਤੇ ੁਉਨ੍ਹਾਂ ਨੇ ਪਿੰਡਾਂ ਤੋਂ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ। 


ਜੰਮੂ ਦੇ ਸੀਨੀਅਰ ਸੁਪਰਡੈਂਟ ਵਿਵੇਕ ਗੁਪਤਾ ਨੇ ਕਿਹਾ ਕਿ ਅਰਨੀਆ ਵਿਚ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਵਿਚ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਕਤ ਜ਼ਖਮੀਆਂ ਦੀ ਪਛਾਣ ਪਿੰਡੀ ਚਾੜਕਾਂ ਦੀ ਦਰਸ਼ਨਾ ਦੇਵੀ ਪਤਨੀ ਤ੍ਰਿਲੋਕ ਸਿੰਘ, ਮਨੋਹਰ ਲਾਲ ਪੁੱਤਰ ਹੰਸਰਾਜ, ਮਧੂਬਾਲਾ ਪਤਨੀ ਕ੍ਰਿਸ਼ਨ ਅਵਤਾਰ, ਸੁਦੇਸ਼ ਕੁਮਾਰੀ ਪਤਨੀ ਲਾਲ ਚੰਦ, ਸੋਹਣ ਲਾਲ ਪੁੱਤਰ ਸੇਵਾਰਾਮ ਨਿਵਾਸੀ ਅਰਨੀਆ ਅਤੇ ਅਰਨੀਆ ਥਾਣੇ ਵਿਚ ਕੰਮ ਕਰਦੇ ਐੱਸ. ਪੀ. ਓ. ਗੁਰਚਰਨ ਨਿਵਾਸੀ ਸੁਹਾਗਪੁਰ ਦੇ ਰੂਪ ਵਿਚ ਹੋਈ ਹੈ। 
ਓਧਰ ਜੰਮੂ ਜ਼ਿਲੇ ਦੇ ਅਖਨੂਰ ਦੇ ਖੌੜ ਸੈਕਟਰ ਵਿਚ ਪਾਕਿਸਤਾਨੀ ਗੋਲੀਬਾਰੀ ਨਾਲ 6 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਜਿਸ ਦੀ ਪਛਾਣ ਨਿਤੀਨ ਕੁਮਾਰ ਪੁੱਤਰ ਗੋਪਾਲ ਦਾਸ ਨਿਵਾਸੀ ਸੈਰਾ ਪਲਾਈ ਦੇ ਰੂਪ ਵਿਚ ਹੋਈ ਹੈ।
ਭਾਰਤ ਨੇ ਵੀ ਜਵਾਬੀ ਕਾਰਵਾਈ ਵਿਚ ਪਾਕਿਸਤਾਨੀ ਚੌਕੀ ਤਬਾਹ ਕੀਤੀ
ਸਾਂਬਾ ਜ਼ਿਲੇ ਦੇ ਰਾਮਗੜ੍ਹ ਸੈਕਟਰ ਦੇ ਨਰਾਇਣਪੁਰ ਇਲਾਕੇ ਵਿਚ ਪਾਕਿਸਤਾਨੀ ਜਵਾਨਾਂ ਨੇ ਛੋਟੇ ਹਥਿਆਰਾਂ ਅਤੇ ਮੋਰਟਾਰ ਗੋਲਿਆਂ ਨਾਲ ਬੀ. ਐੱਸ. ਐੱਫ. ਦੀਆਂ ਮੋਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਬੀ. ਐੱਸ. ਐੱਫ. ਨੇ 19 ਸੈਕਿੰਡ ਦਾ ਇਕ ਥਰਮਲ ਮੈਜਨਰੀ ਫੁਟੇਜ ਵੀ ਜਾਰੀ ਕੀਤਾ ਸੀ, ਜਿਸ ਵਿਚ ਬਿਨਾਂ ਭੜਕਾਹਟ ਦੇ ਸਰਹੱਦ ਪਾਰੋਂ ਗੋਲਾਬਾਰੀ ਹੋਣ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ ਵਿਚ ਇਕ ਪਾਕਿਸਤਾਨੀ ਚੌਕੀ ਤਬਾਹ ਹੁੰਦੀ ਨਜ਼ਰ ਆ ਰਹੀ ਹੈ।
ਪੁਲਵਾਮਾ 'ਚ ਪੁਲਸ ਚੌਕੀ 'ਤੇ ਅੱਤਵਾਦੀ ਹਮਲਾ
ਪੁਲਵਾਮਾ ਜ਼ਿਲੇ ਦੇ ਤਾਹਬ ਖੇਤਰ ਦੇ ਸੈਦਾਪੁਰਾ ਪਿੰਡ ਵਿਚ ਅੱਤਵਾਦੀਆਂ ਨੇ ਪੁਲਸ ਚੌਕੀ 'ਤੇ ਹਮਲਾ ਕਰ ਦਿੱਤਾ ਹਾਲਾਂਕਿ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਐੱਸ. ਐੱਸ. ਪੀ. ਪੁਲਵਾਮਾ ਮੁਹੰਮਦ ਅਸਲਮ ਚੌਧਰੀ ਨੇ ਕਿਹਾ ਕਿ ਅੱਤਵਾਦੀਆਂ ਦੇ ਸਮੂਹ ਨੇ ਚੌਕੀ 'ਤੇ ਹਮਲਾ ਕਰ ਦਿੱਤਾ। ਚੌਕੀ ਵਿਚ ਮੌਜੂਦ ਪੁਲਸ ਮੁਲਾਜ਼ਮਾਂ ਵਲੋਂ ਸਮੇਂ ਸਿਰ ਜਵਾਬੀ ਕਾਰਵਾਈ ਕਰਨ ਨਾਲ ਅੱਤਵਾਦੀਆਂ ਵਲੋਂ ਹਥਿਆਰ ਖੋਹਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਦੌਰਾਨ ਘਟਨਾ ਦੇ ਤੁਰੰਤ ਬਾਅਦ ਐਡੀਸ਼ਨਲ ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ਨੂੰ ਘੇਰ ਲਿਆ ਅਤੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।