ਪਾਕਿ ''ਚ ਸ਼ਹੀਦ ਭਗਤ ਸਿੰਘ ਨੂੰ ''ਨਿਸ਼ਾਨ-ਏ-ਹੈਦਰ'' ਦੇਣ ਦੀ ਮੰਗ

01/18/2018 8:55:44 PM

ਲਾਹੌਰ— ਪਾਕਿਸਤਾਨ ਦੇ ਇਕ ਸੰਗਠਨ ਨੇ ਮੰਗ ਕੀਤੀ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦੇਸ਼ ਦਾ ਸਰਵ-ਉੱਚ ਵੀਰਤਾ ਪਦਕ 'ਨਿਸ਼ਾਨ-ਏ-ਹੈਦਰ' ਦਿੱਤਾ ਜਾਣਾ ਚਾਹੀਦਾ ਹੈ ਤੇ ਲਾਹੌਰ ਦੇ ਸ਼ਾਦਮਾਨ ਚੌਕ 'ਚ ਉਨ੍ਹਾਂ ਦੀ ਮੂਰਤੀ ਲਗਾਈ ਜਾਣੀ ਚਾਹੀਦੀ ਹੈ, ਜਿਥੇ 86 ਸਾਲ ਪਹਿਲਾਂ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ। ਮੰਗ ਚੁੱਕਣ ਵਾਲਾ ਸੰਗਠਨ ਅਦਾਲਤ 'ਚ ਆਜ਼ਾਦੀ ਘੁਲਾਟੀਆਂ ਨੂੰ ਨਿਰਦੋਸ਼ ਸਾਬਿਤ ਕਰਨ ਦੇ ਲਈ ਕੰਮ ਕਰ ਰਿਹਾ ਹੈ।
ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ, ਰਾਜਗੁਰੂ ਤੇ ਸੁਖਦੇਵ ਨੂੰ ਗੋਰੀ ਹਕੂਮਤ ਖਿਲਾਫ ਸਾਜ਼ਿਸ਼ ਤੇ ਬ੍ਰਿਟਿਸ਼ ਪੁਲਸ ਅਧਿਕਾਰੀ ਜਾਨ ਪੀ. ਸਾਂਡਰਸ ਦੇ ਕਤਲ ਦੇ ਦੋਸ਼ 'ਚ 23 ਮਾਰਚ 1931 ਨੂੰ ਲਾਹੌਰ 'ਚ ਫਾਂਸੀ ਦਿੱਤੀ ਗਈ ਸੀ। ਭਗਤ ਸਿੰਘ ਮੇਮੋਰੀਅਲ ਫਾਊਂਡੇਸ਼ਨ ਨੇ ਪਾਕਿਸਤਾਨ ਦੇ ਪੰਜਾਬ ਇਲਾਕੇ ਦੀ ਸਰਕਾਰ ਨੂੰ ਤਾਜ਼ਾ ਪਟੀਸ਼ਨ ਦੇ ਕੇ ਕਿਹਾ ਹੈ ਕਿ ਭਗਤ ਸਿੰਘ ਨੇ ਆਜ਼ਾਦੀ ਦੇ ਲਈ ਆਪਣਾ ਬਲਿਦਾਨ ਦਿੱਤਾ ਸੀ। ਸੰਗਠਨ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਪਾਕਿਸਤਾਨ ਦੇ ਸੰਸਥਾਪਕ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਨੇ ਆਜ਼ਾਦੀ ਘੁਲਾਟੀਏ ਨੂੰ ਇਹ ਕਹਿੰਦੇ ਹੋਏ ਸ਼ਰਧਾਂਜਲੀ ਦਿੱਤੀ ਸੀ ਕਿ ਉੱਪ ਮਹਾਂਦੀਪ 'ਚ ਕੋਈ ਉਨ੍ਹਾਂ ਵਰਗਾ ਬਹਾਦਰ ਨਹੀਂ ਹੋਇਆ ਹੈ। ਸੰਗਠਨ ਨੇ ਕਿਹਾ ਕਿ ਭਗਤ ਸਿੰਘ ਸਾਡੇ ਨਾਇਕ ਹਨ ਤੇ ਉਹ ਮੇਜਰ ਅਜ਼ੀਜ਼ ਭੱਟੀ ਵਾਂਗ ਹੀ ਸਰਵ-ਉੱਚ ਵੀਰਤਾ ਪਦਕ ਹਾਸਲ ਕਰਨ ਦੇ ਹੱਕਦਾਰ ਹਨ, ਜਿਨ੍ਹਾਂ ਨੇ ਭਗਤ ਸਿੰਘ ਦੀ ਵੀਰਤਾ 'ਤੇ ਲਿਖਿਆ ਸੀ ਤੇ ਉਨ੍ਹਾਂ ਨੂੰ ਸਾਡਾ ਨਾਇਕ ਤੇ ਆਦਰਸ਼ ਐਲਾਨ ਕੀਤਾ ਗਿਆ ਸੀ। ਫਾਊਂਡੇਸ਼ਨ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਕ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ ਤੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਵੀ ਇਸ 'ਚ ਦੇਰ ਨਹੀਂ ਕਰਨੀ ਚਾਹੀਦੀ। ਜੋ ਦੇਸ਼ ਆਪਣੇ ਨਾਇਕਾਂ ਨੂੰ ਭੁਲਾ ਦਿੰਦੇ ਹਨ, ਉਹ ਧਰਤੀ ਤੋਂ ਗਲਤ ਸ਼ਬਦਾਂ ਵਾਂਗ ਮਿੱਟ ਜਾਂਦੇ ਹਨ।
ਹਾਫਿਜ਼ ਸਈਦ ਦਾ ਸੰਗਠਨ ਜਮਾਤ-ਉਦ-ਦਾਵਾ ਸ਼ਾਦਮਾਨ ਚੌਕ ਦਾ ਨਾਂ ਬਦਲਣ ਦੇ ਖਿਲਾਫ ਹੈ ਤੇ ਇਸ ਮੁੱਦੇ 'ਤੇ ਉਸ ਨੇ ਸਿਵਲ ਸੁਸਾਇਟੀ ਦੇ ਲੋਕਾਂ ਨੂੰ ਧਮਕੀ ਵੀ ਦਿੱਤੀ ਹੈ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਨੂੰ ਸ਼ਾਦਮਾਨ ਚੌਕ 'ਤੇ ਭਗਤ ਸਿੰਘ ਦੀ ਮੂਰਤੀ ਸਥਾਪਿਤ ਕਰਨੀ ਚਾਹੀਦੀ ਹੈ, ਜਿਸ ਨਾਲ ਪਾਕਿਸਤਾਨ ਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਆਜ਼ਾਦੀ ਘੁਲਾਟੀਏ ਦੇ ਰੂਪ 'ਚ ਪ੍ਰੇਰਣਾ ਮਿਲ ਸਕੇ।
ਫਾਊਂਡੇਸ਼ਨ ਦੇ ਪ੍ਰਧਾਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਮਾਮਲੇ ਨੂੰ ਚੁੱਕਦੇ ਰਹਿਣਗੇ ਤੇ ਮੰਗ ਮੰਨਣ ਲਈ ਸਰਕਾਰ 'ਤੇ ਦਬਾਅ ਬਣਾਉਂਦੇ ਰਹਿਣਦੇ। ਕੁਰੈਸ਼ੀ ਲਾਹੌਰ ਹਾਈਕੋਰਟ 'ਚ ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਨਾਲ ਸਬੰਧਿਤ ਮਾਮਲੇ ਨੂੰ ਦੁਬਾਰਾ ਖੋਲ੍ਹਣ ਦੀ ਵੀ ਲੜਾਈ ਲੜ ਰਹੇ ਹਨ, ਜਿਸ ਨਾਲ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਨਿਰਦੋਸ਼ ਸਾਬਿਤ ਕੀਤਾ ਜਾ ਸਕੇ। ਇਹ ਮਾਮਲਾ ਅਜੇ ਅਦਾਲਤ 'ਚ ਲਟਕਿਆ ਹੋਇਆ ਹੈ।