ਨਰਾਤਿਆਂ ’ਚ ਹੁਣ ਤੱਕ 1.18 ਲੱਖ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਦੇ ਕੀਤੇ ਦਰਸ਼ਨ

10/02/2019 12:32:30 AM

ਕੱਟੜਾ (ਅਮਿਤ) – ਸਰਦ ਰੁੱਤ ਦੇ ਨਰਾਤਿਆਂ ਦੌਰਾਨ ਮਾਂ ਵੈਸ਼ਨੋ ਦੇਵੀ ਨੂੰ ਨਮਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਮੰਗਲਵਾਰ ਰਾਤ ਤੱਕ 1.18 ਲੱਖ ਸ਼ਰਧਾਲੂਆਂ ਨੇ ਯਾਤਰਾ ਦੀ ਪਰਚੀ ਹਾਸਲ ਕਰ ਕੇ ਵੈਸ਼ਨੋ ਦੇਵੀ ਭਵਨ ਵਿਖੇ ਨਮਨ ਕੀਤਾ। ਸ਼ਰਧਾਲੂਆਂ ਦੀ ਗਿਣਤੀ ’ਚ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਨੇ ਹਰ ਸੰਭਵ ਪ੍ਰਬੰਧ ਕੀਤਾ ਹੈ। ਬੋਰਡ ਦੇ ਪ੍ਰਸ਼ਾਸਨ ਵਲੋਂ ਅਰਧਕੁਆਰੀ ਭਵਨ ਦਰਮਿਆਨ ਚੱਲ ਰਹੀ ਬੈਟਰੀ ਕਾਰ ਸੇਵਾ ਨੂੰ ਦਿਨ-ਰਾਤ ਸੁਚਾਰੂ ਰੱਖਿਆ ਗਿਆ ਹੈ ਤਾਂ ਜੋ ਸ਼ਰਧਾਲੂ ਵੱਧ ਤੋਂ ਵੱਧ ਗਿਣਤੀ ਵਿਚ ਇਸ ਦਾ ਲਾਭ ਉਠਾ ਕੇ ਦਰਬਾਰ ਮਾਂ ਵੈਸ਼ਨੋ ਦੇਵੀ ਵਿਖੇ ਨਮਨ ਕਰ ਸਕਣ।

ਰਜਿਸਟ੍ਰੇਸ਼ਨ ਰੂਮ ਤੋਂ ਮਿਲੇ ਅੰਕੜਿਆਂ ਮੁਤਾਬਕ ਪਹਿਲੇ ਨਰਾਤੇ ’ਤੇ 48953 ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵਿਖੇ ਨਮਨ ਕੀਤਾ। ਸੋਮਵਾਰ ਲਗਭਗ 39 ਹਜ਼ਾਰ ਸ਼ਰਧਾਲੂ ਪੁੱਜੇ। ਮੰਗਲਵਾਰ ਰਾਤ ਦੇਰ ਗਏ ਤੱਕ 30 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਸੀ ਤੇ ਉਹ ਭਵਨ ਵੱਲ ਰਵਾਨਾ ਹੋ ਚੁੱਕੇ ਸਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 9 ਨਰਾਤਿਆਂ ਦੌਰਾਨ 3 ਲੱਖ ਤੋਂ ਵੱਧ ਸ਼ਰਧਾਲੂ ਵੈਸ਼ਨੋ ਦੇਵੀ ਭਵਨ ਵਿਖੇ ਨਮਨ ਕਰਨਗੇ। ਸ਼ਰਧਾਲੂ ਲਾਈਨ ’ਚ ਖੜ੍ਹੇ ਹੋ ਕੇ ਆਪੋ-ਆਪਣੇ ਸਾਮਾਨ ਦੀ ਜਾਂਚ ਕਰਵਾ ਕੇ ਚੜ੍ਹਾਈ ਚੜ੍ਹਦੇ ਨਜ਼ਰ ਆਏ।

ਸ਼ਾਮ ਵੇਲੇ ਮੁੱਖ ਚੌਕਾਂ ਦਾ ਨਜ਼ਾਰਾ ਸ਼ਰਧਾਲੂਆਂ ਲਈ ਬਣਿਆ ਖਿੱਚ ਦਾ ਕੇਂਦਰ
ਕੱਟੜਾ ਵਿਖੇ ਸ਼ਾਮ ਵੇਲੇ ਮੁੱਖ ਚੌਕਾਂ ਦਾ ਨਜ਼ਾਰਾ ਸਭ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਚੌਕਾਂ ਦੀ ਸਜਾਵਟ ਦੇਖ ਕੇ ਸ਼ਰਧਾਲੂ ਖੁਸ਼ ਹੋ ਰਹੇ ਸਨ। ਵੱਖ-ਵੱਖ ਪ੍ਰੋਗਰਾਮ ਵੀ ਉਨ੍ਹਾਂ ਨੂੰ ਪਸੰਦ ਆ ਰਹੇ ਸਨ। ਸ਼ਰਧਾਲੂਆਂ ਦੀ ਵੱਡੀ ਗਿਣਤੀ ਨਰਾਤਿਆਂ ਦੀ ਰੌਣਕ ਨੂੰ ਚਾਰ ਚੰਨ ਲਾ ਰਹੀ ਸੀ। ਸ਼ੋਭਾ ਯਾਤਰਾ ਸਥਾਨਕ ਲੋਕਾਂ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਵੀ ਪਸੰਦ ਆਈ। ਉਹ ਸੜਕ ਦੇ ਕੰਢੇ ਖੜ੍ਹੇ ਹੋ ਕੇ ਯਾਤਰਾ ਨੂੰ ਦੇਖਦੇ ਰਹੇ।

Inder Prajapati

This news is Content Editor Inder Prajapati