ਕਰਜ਼ਾ ਲੈਣ ਦਾ ਸ਼ਾਨਦਾਰ ਮੌਕਾ, SBI ਸਮੇਤ 18 ਸਰਕਾਰੀ ਬੈਂਕ ਦੇਣਗੇ ਸਸਤੇ ''ਚ ਲੋਨ

10/21/2019 1:23:56 PM

ਨਵੀਂ ਦਿੱਲੀ — ਜੇਕਰ ਤੁਸੀਂ ਤਿਉਹਾਰਾਂ ਦੇ ਸ਼ੁੱਭ ਮੌਕੇ 'ਤੇ ਘਰ ਜਾਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਰਾਹਤ ਦੇਣ ਵਾਲੀ ਖਬਰ ਹੈ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ(SBI) ਸਮੇਤ 18 ਸਰਕਾਰੀ ਬੈਂਕ ਤਿਉਹਾਰਾਂ 'ਤੇ ਗਾਹਕਾਂ ਲਈ ਲੋਨ ਮੇਲੇ ਦਾ ਆਯੋਜਨ ਕਰ ਰਹੇ ਹਨ। ਇਹ ਮੇਲਾ 21 ਅਕਤਬੂਰ ਤੋਂ ਸ਼ੁਰੂ ਹੋਵੇਗਾ ਅਤੇ 25 ਅਕਤੂਬਰ ਨੂੰ ਖਤਮ ਹੋਵੇਗਾ। ਯਾਨੀ ਕਿ ਤੁਹਾਡੇ ਕੋਲ ਅਸਾਨੀ ਨਾਲ ਲੋਨ ਲੈਣ ਲਈ 5 ਦਿਨਾਂ ਦਾ ਮੌਕਾ ਹੈ।

ਮਿਲਣਗੀਆਂ ਇਹ ਸਹੂਲਤਾਂ 

ਇਸ ਮੌਕੇ ਸਟੇਟ ਬੈਂਕ ਨੇ ਟਵੀਟ ਵੀ ਕੀਤਾ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਸਟੇਟ ਬੈਂਕ ਸਮੇਤ 18 ਸਰਕਾਰੀ ਬੈਂਕ ਅੱਜ ਤੋਂ #customerOutreachinitiative ਸ਼ੁਰੂ ਕਰ ਰਹੇ ਹਨ। ਇਸ ਦੇ ਤਹਿਤ ਕਈ ਥਾਵਾਂ 'ਤੇ ਕੈਂਪ ਲਗਾਏ ਜਾਣਗੇ, ਜਿਥੇ ਗਾਹਕਾਂ ਨੂੰ ਹਰ ਤਰ੍ਹਾਂ ਦਾ ਲੋਨ ਅਤੇ ਹੋਰ ਬੈਂਕਿੰਗ ਸਹੂਲਤਾਂ ਮਿਲਣਗੀਆਂ। ਇਸ ਲੋਨ ਮੇਲੇ 'ਚ ਗਾਹਕਾਂ ਨੂੰ ਕਾਰ ਲੋਨ, ਪਰਸਨਲ ਲੋਨ, ਖੇਤੀਬਾੜੀ ਲਈ ਲੋਨ, ਵਾਹਨ ਲੋਨ, ਐਮ.ਐਸ.ਐਮ.ਈ. ਲੋਨ ਅਤੇ ਹੋਮ ਲੋਨ ਉਪਲੱਬਧ ਕਰਵਾਏ ਜਾਣਗੇ। ਇਹ ਲੋਨ ਮੇਲੇ ਕਿਥੇ-ਕਿਥੇ ਲਗਾਏ ਜਾ ਰਹੇ ਹਨ ਇਸ ਦੀ ਜਾਣਕਾਰੀ ਤੁਸੀਂ ਇਸ ਲਿੰਕ https://bank.sbi/portal/web/customer-care/customer-meet-2019 'ਤੇ ਜਾ ਕੇ ਅਸਾਨੀ ਨਾਲ ਹਾਸਲ ਕਰ ਸਕਦੇ ਹੋ।

ਪਹਿਲੇ ਪੜਾਅ 'ਚ ਵੰਡਿਆ ਸੀ 81,781 ਕਰੋੜ ਦਾ ਲੋਨ

ਜਾਣਕਾਰੀ ਅਨੁਸਾਰ ਲੋਨ ਮੇਲੇ ਦੇ ਪਹਿਲੇ ਪੜਾਅ 'ਚ ਸਰਕਾਰੀ ਬੈਂਕਾਂ ਨੇ 81,781 ਕਰੋੜ ਦਾ ਲੋਨ ਵੰਡਿਆ ਸੀ। ਉਸ ਸਮੇਂ ਇਹ ਮੇਲਾ 9 ਦਿਨ ਚਲਿਆ ਸੀ। ਸਰਕਾਰੀ ਬੈਂਕਾਂ ਦੇ ਪ੍ਰਮੁੱਖਾਂ ਨਾਲ ਮੁਲਾਕਾਤ ਕਰਨ ਦੇ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਸੀ ਕਿ ਇਨ੍ਹਾਂ ਵਿਚੋਂ ਕਰੀਬ 34 ਕਰੋੜ ਤੋਂ ਜ਼ਿਆਦਾ ਦਾ ਲੋਨ ਸਿਰਫ ਕਾਰੋਬਾਰੀਆਂ ਨੂੰ ਦਿੱਤਾ ਗਿਆ। ਲੋਨ ਮੇਲੇ ਦਾ ਪਹਿਲਾ ਪੜਾਅ ਇਕ ਅਕਤੂਬਰ ਤੋਂ 9 ਅਕਤੂਬਰ ਤੱਕ ਚਲਿਆ ਸੀ। ਸਰਕਾਰ ਦੇ ਇਸ ਲੋਨ ਮੇਲੇ ਨੂੰ ਦੇਸ਼ ਦੇ 250 ਜਿਲਿਆਂ 'ਚ ਲਗਾਇਆ ਸੀ।

400 ਜਿਲਿਆ 'ਚ ਲੱਗੇਗਾ ਲੋਨ ਮੇਲਾ

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਤਿਉਹਾਰੀ ਸੀਜ਼ਨ 'ਚ ਖਪਤ ਵਧਾਉਣ ਦੇ ਨਾਲ ਦੂਜੀ ਛਿਮਾਹੀ 'ਚ ਆਰਥਿਕ ਗਤੀਵਿਧਿਆਂ ਦੇ ਸੁਧਾਰ ਦੀ ਕੋਸ਼ਿਸ਼ 'ਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੂੰ ਲੋਨ ਮੇਲਾ ਲਗਾਉਣ ਲਈ ਕਿਹਾ ਸੀ। ਵਿੱਤ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਦੇਸ਼ ਦੇ 400 ਜ਼ਿਲਿਆਂ 'ਚ ਕੈਂਪ ਲਗਾਵੇਗੀ ਅਤੇ ਲੋਨ ਵੰਡੇਗੀ।