ਦਿੱਲੀ ਦੇ ਹਸਪਤਾਲਾਂ ਵਿਚ ਸਿਰਫ ਰਾਜਧਾਨੀ ਦੇ ਲੋਕ ਹੀ ਕਰਾ ਸਕਣਗੇ ਇਲਾਜ - ਕੇਜਰੀਵਾਲ

06/07/2020 11:27:09 PM

ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼ ਅਤੇ ਹਰਿਆਣਾ ਨਾਲ ਲੱਗਦੀਆਂ ਦਿੱਲੀ ਦੀਆਂ ਸਰਹੱਦਾਂ ਸੋਮਵਾਰ ਤੋਂ ਖੋਲੀਆਂ ਜਾਣਗੀਆਂ ਅਤੇ ਕੇਂਦਰ ਸੰਚਾਲਿਤ ਹਸਪਤਾਲਾਂ ਨੂੰ ਛੱਡ ਕੇ ਦਿੱਲੀ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਸਿਰਫ ਰਾਸ਼ਟਰੀ ਰਾਜਧਾਨੀ ਦੇ ਲੋਕ ਹੀ ਇਲਾਜ ਕਰਾ ਸਕਣਗੇ।

ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜਿਥੇ ਮਾਲ, ਰੈਸਤਰਾਂ ਅਤੇ ਧਾਰਮਿਕ ਸਥਾਨ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਖੁੱਲ੍ਹਣਗੇ, ਉਥੇ ਹੋਟਲ ਅਤੇ ਬੈਂਕੇਟ ਹਾਲ ਬੰਦ ਰਹਿਣਗੇ, ਕਿਉਂਕਿ ਦਿੱਲੀ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਨੂੰ ਹਸਪਤਾਲਾਂ ਵਿਚ ਤਬਦੀਲ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੂਜੇ ਸ਼ਹਿਰਾਂ ਦੇ ਲੋਕ ਖਾਸ ਓਪਰੇਸ਼ਨਾਂ ਲਈ ਦਿੱਲੀ ਆਉਂਦੇ ਹਨ ਤਾਂ ਉਨ੍ਹਾਂ ਦਾ ਇਲਾਜ ਨਿੱਜੀ ਹਸਪਤਾਲਾਂ ਵਿਚ ਹੋਵੇਗਾ।

ਦਿੱਲੀ ਸਰਕਾਰ ਨੇ 10 ਜੂਨ ਤੋਂ ਸ਼ਰਾਬ 'ਤੇ ਵਿਸ਼ੇਸ਼ ਕੋਰੋਨਾ ਸ਼ੁਲਕ ਵਾਪਸ ਲਿਆ, ਪਰ ਵੈਟ ਵਧਾਇਆ
ਦਿੱਲੀ ਵਿਚ 10 ਜੂਨ ਤੋਂ ਸ਼ਰਾਬ ਘੱਟ ਕੀਮਤ 'ਤੇ ਮਿਲੇਗੀ, ਕਿਉਂਕਿ 'ਆਪ' ਸਰਕਾਰ ਨੇ ਇਸ ਦੀ ਵਿੱਕਰੀ 'ਚ ਲਗਾਇਆ 70 ਫੀਸਦੀ ਵਿਸ਼ੇਸ ਕੋਰੋਨਾ ਸ਼ੁਲਕ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਹਾਲਾਂਕਿ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਸਾਰੀਆਂ ਸ਼੍ਰੇਣੀਆਂ ਦੀ ਸ਼ਰਾਬ 'ਤੇ ਵੈਲਯੂ ਐਡਿਡ ਟੈਕਸ (ਵੈਟ) 20 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ ਹੈ। ਪਿਛਲੇ ਮਹੀਨੇ ਸਰਕਾਰ ਨੇ ਸ਼ਰਾਬ ਦੇ ਜ਼ਿਆਦਾ ਤੋਂ ਜ਼ਿਆਦਾ ਖੁਦਰਾ ਮੁੱਲ (ਐਮ. ਆਰ. ਪੀ.) 'ਤੇ ਵਿਸ਼ੇਸ਼ ਕੋਰੋਨਾ ਸ਼ੁਲਕ ਲਗਾਇਆ ਸੀ।
 

Khushdeep Jassi

This news is Content Editor Khushdeep Jassi