60 ਦੇਸ਼ਾਂ ਦੇ ਇਕ ਲੱਖ ਲੋਕਾਂ ਨੇ ‘ਹਨੂੰਮਾਨ ਚਾਲੀਸਾ’ ਦਾ ਪਾਠ ਕਰ ਬਣਾਇਆ ‘ਵਿਸ਼ਵ ਰਿਕਾਰਡ’

08/17/2020 2:01:57 PM

ਪ੍ਰਯਾਗਰਾਜ— ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਪਰੇਸ਼ਾਨ ਲੋਕਾਂ ਨੂੰ ਮਾਨਸਿਕ ਤਾਕਤ ਦੇਣ ਲਈ ਦੁਨੀਆ ਦੇ 60 ਦੇਸ਼ਾਂ ਦੇ ਇਕ ਲੱਖ ਲੋਕਾਂ ਨੇ ਇਕੱਠੇ ਇਕ ਸੁਰ ਵਿਚ ਹਨੂੰਮਾਨ ਚਾਲੀਸਾ ਦਾ ਪਾਠ ਕਰ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਕੌਮਾਂਤਰੀ ਯੋਗ ਗੁਰੂ ਆਨੰਦ ਗਿਰੀ ਨੇ ਸੋਮਵਾਰ ਦੱਸਿਆ ਕਿ ਹਨੂੰਮਾਨ ਚਾਲੀਸਾ ’ਚ ਉਹ ਸ਼ਕਤੀ ਹੈ, ਜੋ ਸਵੈ-ਸ਼ਕਤੀ ਨੂੰ ਵਧਾਉਂਦੀ ਹੈ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਹੈ ਕਿ ਇਕ ਲੱਖ ਲੋਕਾਂ ਵਲੋਂ ਇਕੱਠੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਦੁਨੀਆ ਛੇਤੀ ਹੀ ਕੋਰੋਨਾ ਵਾਇਰਸ ਤੋਂ ਬਾਹਰ ਨਿਕਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਹਨੂੰਮਾਨ ਜੀ ਦੀ ਕ੍ਰਿਪਾ ਸਦਕਾ ਕੋਈ ਨਾ ਕੋਈ ਸੰਜੀਵਨੀ ਇਜਾਦ ਹੋਵੇਗੀ, ਜਿਸ ਨਾਲ ਦੁਨੀਆ ਦੇ ਲੋਕਾਂ ਨੂੰ ਰਾਹਤ ਮਿਲੇਗੀ। 

ਗਿਰੀ ਨੇ ਦੱਸਿਆ ਕਿ 15 ਅਗਸਤ ਨੂੰ ਆਨਲਾਈਨ ਆਯੋਜਨ ਵਿਚ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ 60 ਦੇਸ਼ਾਂ ਦੇ ਇਕ ਲੱਖ ਲੋਕਾਂ ਵਲੋਂ ਪਾਠ ਕੀਤਾ ਜਾਣਾ ਵੱਡੀ ਪ੍ਰਾਪਤੀ ਹੈ। ਅਮਰੀਕਾ ਦੇ ਕੈਲੀਫੋਰਨੀਆ ਦੀ ਸੰਸਥਾ ਸਿਲੀਕਾਨ ਆਂਧਰਾ ਨੇ ਦੋ ਮਹੀਨੇ ਪਹਿਲਾਂ 15 ਅਗਸਤ ਨੂੰ ਇਸ ਪ੍ਰੋਗਰਾਮ ਦੇ ਆਯੋਜਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਸਵਾਮੀ ਆਨੰਦ ਗਿਰੀ ਨੇ ਦੱਸਿਆ ਕਿ ‘ਜੂਮ’ ਐਪ ਜ਼ਰੀਏ ਵੱਖ-ਵੱਖ ਗਰੁੱਪ ਬਣਾਏ ਗਏ ਅਤੇ ਦੁਨੀਆ ਦੇ 60 ਦੇਸ਼ਾਂ ਵਿਚ ਸਿਲੀਕਾਨ ਆਂਧਰਾ ਦੇ ਫਾਲੋਅਰਜ਼ ਨੇ ਗਰੁੱਪ ਜੁਆਇੰਨ ਕੀਤਾ। ਇਸ ਪ੍ਰੋਗਰਾਮ ਨੂੰ ਇਤਿਹਾਸਕ ਬਣਾਉਣ ਲਈ ਗਿਨੀਜ਼ ਬੁਕ ਆਫ਼ ਵਰਲਡ ਰਿਕਾਰਡ ਦੀ ਟੀਮ ਨੂੰ ਸੱਦਾ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 26 ਲੱਖ ਤੋਂ ਪਾਰ ਹੋ ਚੁੱਕਾ ਹੈ ਅਤੇ 50 ਹਜ਼ਾਰ ਦੇ ਕਰੀਬ ਮੌਤਾਂ ਦਾ ਅੰਕੜਾ ਪੁੱਜ ਗਿਆ ਹੈ। ਜੇਕਰ ਗੱਲ ਪੂਰੀ ਦੁਨੀਆ ਦੀ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ ਦੇ 21,837,088 ਮਰੀਜ਼ ਹਨ ਅਤੇ 7.73 ਲੱਖ ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ।

Tanu

This news is Content Editor Tanu