ਰਾਜਸਥਾਨ 'ਚ ਕਰੀਬ ਇਕ ਕਰੋੜ ਸਕੂਲੀ ਬੱਚਿਆਂ ਨੇ ਦੇਸ਼ਭਗਤੀ ਦੇ ਗੀਤ ਗਾ ਕੇ ਬਣਾਇਆ ਵਿਸ਼ਵ ਰਿਕਾਰਡ

08/12/2022 4:50:37 PM

ਜੈਪੁਰ (ਵਾਰਤਾ)- ਰਾਜਸਥਾਨ 'ਚ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅਧੀਨ ਅੱਜ ਯਾਨੀ ਸ਼ੁੱਕਰਵਾਰ ਨੂੰ ਲਗਭਗ ਇਕ ਕਰੋੜ ਸਕੂਲੀ ਬੱਚਿਆਂ ਨੇ ਦੇਸ਼ਭਗਤੀ ਦੇ ਗੀਤ ਗਾ ਕੇ ਵਰਲਡ ਰਿਕਾਰਡ ਬਣਾਇਆ। ਇਸ ਮੌਕੇ ਸਵੇਰੇ 10.15 ਤੋਂ 10.40 ਵਜੇ ਤੱਕ ਪ੍ਰਦੇਸ਼ ਭਰ 'ਚ ਕਰੀਬ ਇਕ ਕਰੋੜ ਸਕੂਲੀ ਬੱਚਿਆਂ ਨੇ ਇਕੱਠੇ ਰਾਸ਼ਟਰੀ ਗੀਤ ਗਾਏ। ਇਸ ਦੌਰਾਨ ਮੁੱਖ ਪ੍ਰੋਗਰਾਮ ਜੈਪੁਰ ਦੇ ਸਵਾਈਮਾਨ ਸਿੰਘ ਸਟੇਡੀਅਮ 'ਚ ਆਯੋਜਿਤ ਕੀਤਾ ਗਿਆ, ਜਿਸ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਸ਼ਾਮਲ ਹੋਏ। ਇਸ ਦੌਰਾਨ ਸਿੱਖਿਆ ਮੰਤਰੀ ਬੀ.ਡੀ. ਕੱਲਾ ਵੀ ਮੌਜੂਦ ਸਨ। ਇਸ ਪ੍ਰੋਗਰਾਮ 'ਚ 25 ਹਜ਼ਾਰ ਤੋਂ ਵੱਧ ਸਕੂਲੀ ਬੱਚਿਆਂ ਨੇ ਹਿੱਸਾ ਲਿਆ ਅਤੇ ਦੇਸ਼ਭਗਤੀ ਦੇ ਗੀਤ ਗਾਏ।

ਸਕੂਲ ਸਿੱਖਿਆ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਪਵਨ ਕੁਮਾਰ ਗੋਇਲ ਅਨੁਸਾਰ ਪ੍ਰਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਜਮਾਤ 9ਵੀਂ ਅਤੇ 12ਵੀਂ ਤੱਕ ਪੜ੍ਹਨ ਵਾਲੇ ਲਗਭਗ ਇਕ ਕਰੋੜ ਬੱਚਿਆਂ ਨੇ ਇਕੱਠੇ 25 ਮਿੰਟਾਂ ਤੱਕ ਰਾਸ਼ਟਰ ਗੀਤ ਨਾਲ ਜੁੜੇ 6 ਗੀਤ ਗਏ। ਬੱਚਿਆਂ ਨੇ ਪ੍ਰਦੇਸ਼ 'ਚ ਇਸ ਦੌਰਾਨ ਇਕ ਹੀ ਸਮੇਂ 'ਤੇ ਇਕ ਸੁਰ ਅਤੇ ਤਾਲ ਨਾਲ ਇਨ੍ਹਾਂ ਦੇਸ਼ ਭਗਤੀ ਦੇ ਗੀਤਾਂ ਨੂੰ ਗਾਇਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ 'ਚ ਦੇਸ਼ ਪ੍ਰੇਮ ਦੀ ਭਾਵਨਾ ਜਗਾਉਣ ਦੇ ਮਕਸਦ ਨਾਲ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਅਧੀਨ ਸੂਬੇ ਦੇ ਸਰਕਾਰੀ ਅਕੇ ਗੈਰ-ਸਰਕਾਰੀ ਸਕੂਲਾਂ 'ਚ ਇਕੱਠੇ ਦੇਸ਼ ਭਗਤੀ ਗੀਤਾਂ ਦਾ ਸਮੂਹਿਕ ਗਾਇਨ ਕਰਵਾਇਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha