ਹਰਿਆਣਾ ਦੇ ਸਾਬਕਾ ਸੀ. ਐੱਮ. ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਦੀ ਹਾਲਤ ਗੰਭੀਰ

08/11/2019 2:58:24 PM

ਗੁਰੂਗ੍ਰਾਮ— ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹਲਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੰਬੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗੰਭੀਰ ਹਾਲਤ 'ਚ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਆਈ. ਸੀ. ਯੂ. ਭਰਤੀ ਹਨ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਸਨੇਹਲਤਾ ਦਾ ਦਿਹਾਂਤ ਹੋ ਗਿਆ ਹੈ, ਜੋ ਕਿ ਅਫਵਾਹ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਜੇ. ਬੀ. ਟੀ. ਟੀਚਰ ਭਰਤੀ ਘੋਟਾਲਾ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਸਨ। ਸੀ. ਬੀ. ਆਈ ਦੀ ਸਪੈਸ਼ਲ ਕੋਰਟ ਨੇ 2013 'ਚ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਦੋਸ਼ੀ ਕਰਾਰ ਦਿੱਤਾ ਸੀ, ਜਿਸ ਕਾਰਨ ਦੋਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਫਿਲਹਾਲ ਦੋਵੇਂ ਪਿਤਾ-ਪੁੱਤਰ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਹਨ।

ਦੱਸਣਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ ਬੀਤੇ ਮਹੀਨੇ ਹੀ ਤਿਹਾੜ ਜੇਲ 'ਚੋਂ ਬਾਹਰ ਆਏ ਸਨ। ਉਨ੍ਹਾਂ ਨੇ ਆਪਣੇ ਪੋਤੇ ਅਰਜੁਨ ਦੀ ਕੁੜਮਾਈ 'ਚ ਸ਼ਾਮਲ ਹੋਣ ਲਈ ਪੈਰੋਲ ਮੰਗੀ ਸੀ। ਉਨ੍ਹਾਂ ਨੇ ਦਿੱਲੀ ਹਾਈ ਕੋਰਟ ਤੋਂ 7 ਦਿਨ ਦੀ ਪੈਰੋਲ ਮੰਗੀ ਸੀ। ਦੱਸ ਦੇਈਏ ਕਿ ਓਮ ਪ੍ਰਕਾਸ਼ ਚੌਟਾਲਾ ਦੇ ਦੋ ਪੁੱਤਰ ਹਨ- ਅਜੈ ਚੌਟਾਲਾ ਅਤੇ ਅਭੈ ਚੌਟਾਲਾ।

Tanu

This news is Content Editor Tanu