ਜਾਣੋ ਕੌਣ ਹਨ ਮੋਦੀ ਸਰਕਾਰ ''ਚ ਸਪੀਕਰ ਦੇ ਅਹੁਦੇ ''ਤੇ ਪੁੱਜਣ ਵਾਲੇ ''ਓਮ ਬਿਰਲਾ''

06/19/2019 6:40:24 PM

ਨਵੀਂ ਦਿੱਲੀ (ਵਾਰਤਾ)— ਵਿਦਿਆਰਥੀ ਰਾਜਨੀਤੀ ਤੋਂ ਲੋਕ ਸਭਾ ਸਪੀਕਰ ਤਕ ਦਾ ਸਫਰ ਤੈਅ ਕਰਨ ਵਾਲੇ ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਓਮ ਬਿਰਲਾ ਭਾਵੇਂ ਹੀ ਦੇਸ਼ ਦੀ ਸਿਆਸਤ 'ਚ ਚਰਚਿਤ ਨਹੀਂ ਰਹੇ ਪਰ ਰਾਜਸਥਾਨ ਵਿਚ ਉਨ੍ਹਾਂ ਨੂੰ ਪਿਛੜੇ ਅਤੇ ਗਰੀਬਾਂ ਦੇ ਮਸੀਹਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਓਮ ਬਿਰਲਾ ਅੱਜ (19 ਜੂਨ 2019) ਨੂੰ ਮੋਦੀ ਸਰਕਾਰ 'ਚ ਲੋਕ ਸਭਾ ਦੇ ਸਪੀਕਰ ਬਣੇ ਹਨ। ਲਗਾਤਾਰ ਦੂਜੀ ਵਾਰ ਲੋਕ ਸਭਾ ਲਈ ਚੁਣੇ ਗਏ ਬਿਰਲਾ ਦਾ ਜਨਮ 4 ਦਸੰਬਰ 1962 ਨੂੰ ਰਾਜਸਥਾਨ ਦੇ ਕੋਟਾ ਵਿਚ ਹੋਇਆ ਸੀ। ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾ ਦੇ ਜਾਣਕਾਰ ਬਿਰਲਾ ਨੇ ਪੋਸਟ ਗਰੈਜੂਏਟ ਤਕ ਦੀ ਸਿੱਖਿਆ ਸਟੇਟ ਕਾਮਰਸ ਕਾਲਜ ਕੋਟਾ ਤੋਂ ਪ੍ਰਾਪਤ ਕੀਤੀ। ਉਹ ਸਾਲ 1979 ਤੋਂ 12 ਸਾਲ ਤਕ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ। ਇਸ ਤੋਂ ਬਾਅਦ ਉਹ ਸਾਲ 2003, 2008 ਅਤੇ 2013 'ਚ 12ਵੀਂ, 13ਵੀਂ ਅਤੇ 14ਵੀਂ ਰਾਜਸਥਾਨ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਨੇ ਵਿਧਾਨ ਸਭਾ 'ਚ 500 ਤੋਂ ਵਧ ਪ੍ਰਸ਼ਨ ਪੁੱਛੇ ਅਤੇ ਵੱਖ-ਵੱਖ ਮੁੱਦਿਆਂ 'ਤੇ ਸਦਨ ਵਿਚ ਸਾਰਥਕ ਬਹਿਸ ਵਿਚ ਹਿੱਸਾ ਲਿਆ। ਬਿਰਲਾ ਅਖਿਲ ਭਾਰਤੀ ਜਨਤਾ ਯੁਵਾ ਮੋਰਚਾ ਦੇ ਲਗਾਤਾਰ 6 ਸਾਲ ਤਕ ਪ੍ਰਦੇਸ਼ ਪ੍ਰਧਾਨ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰੀ ਉਪਭੋਗਤਾ ਹੋਲਸੇਲ ਭੰਡਾਰ ਲਿਮਟਿਡ ਅਤੇ ਨੈਸ਼ਨਲ ਕੋਲ ਇੰਡੀਆ ਲਿਮਟਿਡ ਨਵੀਂ ਦਿੱਲੀ ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਵੀ ਸੰਭਾਲੀ। 

2014 'ਚ ਕੋਟਾ ਤੋਂ ਪਹਿਲੀ ਵਾਰ ਸੰਸਦ ਮੈਂਬਰ ਬਣੇ—
ਓਮ ਬਿਰਲਾ ਸਾਲ 2014 'ਚ ਕੋਟਾ ਤੋਂ ਪਹਿਲੀ ਵਾਰ ਭਾਜਪਾ ਉਮੀਦਵਾਰ ਦੇ ਰੂਪ ਵਿਚ ਸੰਸਦ ਮੈਂਬਰ ਬਣੇ ਅਤੇ ਇਸ ਵਾਰ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕਰ ਕੇ ਲੋਕ ਸਭਾ ਪੁੱਜੇ। ਉਹ 2004 ਤੋਂ 2008 ਤਕ ਰਾਜਸਥਾਨ ਸਰਕਾਰ ਵਿਚ ਸੰਸਦੀ ਸਕੱਤਰ ਰਹੇ ਅਤੇ ਇਸ ਦੌਰਾਨ ਗਰੀਬ ਅਤੇ ਗੰਭੀਰ ਰੋਗੀਆਂ ਨੂੰ ਸੂਬਾ ਸਰਕਾਰ ਤੋਂ ਕਰੀਬ 50 ਲੱਖ ਰੁਪਏ ਦੀ ਆਰਥਿਕ ਮਦਦ ਦਿਵਾਈ। ਕੋਟਾ ਨਗਰ ਵਿਚ ਅਗਸਤ 2004 'ਚ ਆਏ ਹੜ੍ਹ ਦੌਰਾਨ ਇਕ ਰਾਹਤ ਦਲ ਦੀ ਅਗਵਾਈ ਕਰਦੇ ਹੋਏ ਪੀੜਤਾਂ ਨੂੰ ਘਰ, ਡਾਕਟਰੀ ਸਹੂਲਤਾਂ ਅਤੇ ਹੋਰ ਮਦਦ ਦੇਣ ਲਈ ਅੱਗੇ ਆਏ। ਵਧਦੇ ਪ੍ਰਦੂਸ਼ਣ ਅਤੇ ਘਟਦੀ ਹਰਿਆਲੀ ਨੂੰ ਰੋਕਣ ਲਈ ਕੋਟਾ ਸ਼ਹਿਰ 'ਚ ਲੱਗਭਗ ਇਕ ਲੱਖ ਦਰੱਖਤ ਲਾਉਣ ਲਈ ਉਨ੍ਹਾਂ ਨੇ 'ਗਰੀਨ ਕੋਟਾ ਮੁਹਿੰਮ' ਚਲਾਈ ਅਤੇ ਵੱਖ-ਵੱਖ ਸਮਾਜਿਕ, ਧਾਕਮਿਕ, ਵਪਾਰਕ ਸੰਸਥਾਵਾਂ ਅਤੇ ਸੰਗਠਨਾਂ ਦੇ ਜ਼ਰੀਏ ਪਾਰਕਾਂ ਅਤੇ ਜਨਤਕ ਥਾਵਾਂ 'ਤੇ ਬੂਟੇ ਲਾ ਕੇ ਕੋਟਾ ਸ਼ਹਿਰ ਦੇ ਆਵਾਸੀ ਖੇਤਰਾਂ ਵਿਚ ਘਰ-ਘਰ ਜਾ ਕੇ ਮੁਫ਼ਤ 'ਚ ਬੂਟੇ ਵੰਡ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ।

'ਮੇਰੀ ਪਾਠਸ਼ਾਲਾ' ਦੇ ਨਾਂ ਤੋਂ ਖੋਲ੍ਹਿਆ ਸਕੂਲ—
ਓਮ ਬਿਰਲਾ ਨੇ ਸ਼ਹਿਰ ਦੀਆਂ ਬਸਤੀਆਂ 'ਚ ਅਸਥਾਈ ਰੂਪ ਨਾਲ ਰਹਿਣ ਵਾਲੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਜਨਤਾ ਦੇ ਸਹਿਯੋਗ ਨਾਲ ਬਸਤੀ ਵਿਚ ਹੀ 'ਮੇਰੀ ਪਾਠਸ਼ਾਲਾ' ਦੇ ਨਾਂ ਤੋਂ ਸਕੂਲ ਖੋਲ੍ਹਿਆ।

ਯੁਵਾ ਪੀੜ੍ਹੀ ਲਈ ਬਣੇ ਪ੍ਰੇਰਨਾ—
ਬਿਰਲਾ ਯੁਵਾ ਪੀੜ੍ਹੀ ਵਿਚ ਰਾਸ਼ਟਰੀ ਭਾਵਨਾ ਜਗਾਉਣ, ਸ਼ਹੀਦਾਂ ਦੇ ਬਲੀਦਾਨ ਨੂੰ ਸਦਾ ਯਾਦ ਰੱਖਣ ਅਤੇ ਨਵੀਂ ਪੀੜ੍ਹੀ 'ਚ ਰਾਸ਼ਟਰੀ ਚਰਿੱਤਰ ਦੇ ਨਿਰਮਾਣ ਦੀ ਭਾਵਨਾ ਭਰਨ ਲਈ ਪ੍ਰੇਰਨਾ ਸਰੋਤ ਬਣੇ ਹਨ। ਨੌਜਵਾਨਾਂ 'ਚ ਰਾਸ਼ਟਰੀ ਭਗਤੀ ਅਤੇ ਭਾਵਨਾ ਸਥਾਪਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਵਲੋਂ ਕੋਟਾ ਸ਼ਹਿਰ 'ਚ 'ਆਜ਼ਾਦੀ ਦੇ ਸਵਰ' ਪ੍ਰੋਗਰਾਮ ਪਿਛਲੇ 13 ਸਾਲਾਂ ਤੋਂ ਆਯੋਜਨ ਕੀਤਾ ਜਾ ਰਿਹਾ ਹੈ।

2001 'ਚ ਗੁਜਰਾਤ ਭੂਚਾਲ ਪੀੜਤਾਂ ਦੀ ਕੀਤੀ ਮਦਦ—
ਬਿਰਲਾ ਨੇ ਜਨਵਰੀ 2001 'ਚ ਗੁਜਰਾਤ 'ਚ ਆਏ ਭਿਆਨਕ ਭੂਚਾਲ ਪੀੜਤਾਂ ਦੀ ਮਦਦ ਕੀਤੀ। ਡਾਕਟਰਾਂ ਸਮੇਤ ਲੱਗਭਗ 100 ਤੋਂ ਵੱਧ ਸਵੈ-ਸੇਵਕਾਂ ਦੇ ਰਾਹਤ ਦਲ ਦੀ ਅਗਵਾਈ ਕਰਦੇ ਹੋਏ ਲਗਾਤਾਰ 10 ਦਿਨ ਤਕ ਦਿਨ-ਰਾਤ ਭੂਚਾਲ ਪੀੜਤਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਖੁਰਾਕ ਤੇ ਡਾਕਟਰੀ ਸਹੂਲਤ ਉਪਲੱਬਧ ਕਰਵਾਈ।

Tanu

This news is Content Editor Tanu