ਵਿਜੀਲੈਂਸ ਦੀ ਟੀਮ ਦਾ ਛਾਪਾ :2 ਲੱਖ ਦੀ ਰਿਸ਼ਵਤ ਲੈਂਦਾ ਅਧਿਕਾਰੀ ਰੰਗੇ ਹੱਥੀ ਗ੍ਰਿਫਤਾਰ

06/23/2017 8:38:15 AM

ਬੁਲੰਦਸ਼ਹਿਰ — ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ 'ਚ ਮਦਰਸੇ 'ਚ ਇਕ ਅਧਿਆਪਕ ਦੀ ਨਿਯੁਕਤੀ ਅਤੇ 2 ਅਧਿਆਪਕਾਂ ਦੀ ਤਰੱਕੀ ਕਰਨ ਦੇ ਮਾਮਲੇ 'ਚ 2 ਲੱਖ ਦੀ ਰਿਸ਼ਵਤ ਲੈਂਦੇ ਸਮੇਂ ਵਿਜੀਲੈਂਸ ਦੀ ਟੀਮ ਨੇ ਜ਼ਿਲਾ ਘੱਟਗਿਣਤੀ ਭਲਾਈ ਅਫਸਰ ਹਿਮਾਂਸ਼ੂ ਅਗਰਵਾਲ ਨੂੰ ਰੰਗੇ ਹੱਥੀ ਗ੍ਰਿ੍ਰਫਤਾਰ ਕਰ ਲਿਆ ਹੈ।
ਵਿਜੀਲੈਂਸ ਵਿਭਾਗ ਦੀ ਮੇਰਠ ਇਕਾਈ ਦੇ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੁਲੰਦਸ਼ਹਿਰ ਸਥਿਤ ਇਕ ਇਸਲਾਮੀ ਮਦਰਸੇ ਦੇ ਪ੍ਰਬੰਧਕ ਨੂਰ ਮੁਹੰਮਦ ਕੁਰੈਸ਼ੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜ਼ਿਲਾ ਘੱਟਗਿਣਤੀ ਭਲਾਈ ਅਫਸਰ ਹਿਮਾਂਸ਼ੂ ਅਗਰਵਾਲ ਮਦਰਸੇ 'ਚ ਇਕ ਨਵੇਂ ਅਧਿਆਪਕ ਦੀ ਨਿਯੁਕਤੀ ਅਤੇ 2 ਅਧਿਆਪਕਾਂ ਨੂੰ ਤਰੱਕੀ ਦੇਣ ਦੇ ਨਾਂ 'ਤੇ 2 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਹਨ। ਸ਼ਿਕਾਇਤ ਦੇ ਅਧਾਰ 'ਤੇ ਵਿਜੀਲੈਂਸ ਟੀਮ ਨੇ ਬੁਲੰਦਸ਼ਹਿਰ ਦੇ ਜ਼ਿਲਾ ਅਧਿਕਾਰੀ ਡਾ. ਰੌਸ਼ਣ ਜੈਕਬ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਿਰਦੇਸ਼ਾਂ 'ਤੇ ਅਧਿਕਾਰੀ ਨੂੰ ਰੰਗੇ ਹੱਥੀ ਫੜਣ ਦੀ ਯੋਜਨਾ ਬਣਾਈ।
ਜ਼ਿਲਾ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਕੈਮੀਕਲ ਲੱਗੇ 2 ਲੱਖ ਰੁਪਏ ਦੇ ਨੋਟ ਨੂਰ ਮੁਹੰਮਦ ਕੁਰੈਸ਼ੀ ਨੂੰ ਦਿੱਤੇ ਗਏ। ਨੂਰ ਮੁਹੰਮਦ ਨੇ ਕਲੇਕਟ੍ਰੇਟ ਸਥਿਤ ਅਧਿਕਾਰੀ ਨੂੰ ਜਿਵੇਂ ਹੀ ਨੋਟ ਦਿੱਤੇ ਉਸੇ ਸਮੇਂ ਵਿਜੀਲੈਂਸ ਦੀ ਟੀਮ ਨੇ ਅਧਿਕਾਰੀ ਨੂੰ ਰੰਗੇ ਹੱਥੀ ਫੜ ਲਿਆ।
ਵਿਜੀਲੈਂਸ ਦੀ ਟੀਮ ਹਿਮਾਂਸ਼ੂ ਨੂੰ ਫੜ ਕੇ ਥਾਣੇ ਲੈ ਗਈ, ਜਿਥੇ ਉਸਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।