ਮੀਡੀਆ ਜਗਤ ਲਈ NUJ ਨੇ ਚੁੱਕੀ ਮੰਗ, ਪੱਤਰਕਾਰਾਂ ਨੂੰ ਜਾਰੀ ਹੋਵੇ 'ਆਰਥਿਕ ਪੈਕੇਜ'

04/08/2020 6:16:54 PM

ਨਵੀਂ ਦਿੱਲੀ (ਵਾਰਤਾ)— ਨੈਸ਼ਨਲ ਯੂਨੀਅਨ ਆਫ ਜਰਨਲਿਸਟਸ (ਇੰਡੀਆ) (ਐਨ. ਯੂ. ਜੇ.) ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਕਹਿਰ ਕਾਰਨ ਮੀਡੀਆ ਜਗਤ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਮੀਡੀਆ ਜਗਤ ਨੂੰ ਆਰਥਿਕ ਪੈਕੇਜ ਦਿੱਤੇ ਜਾਣ ਦੀ ਜ਼ਰੂਰਤ ਹੈ। ਨੈਸ਼ਨਲ ਯੂਨੀਅਨ ਆਫ ਜਰਨਲਿਸਟਸ (ਇੰਡੀਆ) ਨੇ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਪਹਿਲਾਂ ਤੋਂ ਹੀ ਆਰਥਿਕ ਸੰਕਟ ਝੱਲ ਰਹੇ ਅਖਬਾਰਾਂ ਨੂੰ ਇਸ਼ਤਿਹਾਰ ਨਾ ਮਿਲਣ ਕਾਰਨ ਵੱਡੀ ਗਿਣਤੀ ਵਿਚ ਬੰਦ ਕਰਨਾ ਪਿਆ ਹੈ। ਜ਼ਿਲਿਆਂ ਅਤੇ ਦੇਹਾਤੀ ਇਲਾਕਿਆਂ 'ਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਤਾਂ ਰੋਜ਼ੀ-ਰੋਟੀ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਮਾਮ ਅਖਬਾਰਾਂ ਨੇ ਕਰਮਚਾਰੀਆਂ ਨੂੰ ਤਨਖਾਹ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। 

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ 2 ਸਾਲ ਤਕ ਸਰਕਾਰੀ ਇਸ਼ਤਿਹਾਰਾਂ 'ਤੇ ਰੋਕ ਲਾਉਣ ਦੀ ਮੰਗ ਮੰਨੀ ਗਈ ਤਾਂ ਵੱਡੀ ਗਿਣਤੀ 'ਚ ਅਖਬਾਰਾਂ ਅਤੇ ਚੈਨਲ ਬੰਦ ਹੋ ਸਕਦੇ ਹਨ। ਇਸ ਨਾਲ ਹਜ਼ਾਰਾਂ ਪੱਤਰਕਾਰ ਬੇਰੋਜ਼ਗਾਰ ਹੋ ਜਾਣਗੇ। ਨੈਸ਼ਨਲ ਯੂਨੀਅਨ ਆਫ ਜਰਨਲਿਸਟਸ (ਇੰਡੀਆ) ਦੇ ਪ੍ਰਧਾਨ ਰਾਸ ਬਿਹਾਰੀ ਅਤੇ ਜਨਰਲ ਸਕੱਤਰ ਪ੍ਰਸੰਨਾ ਮੋਹੰਤੀ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਟੀ. ਵੀ. ਚੈਨਲਾਂ ਅਤੇ ਅਖਬਾਰਾਂ ਤੋਂ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ। ਵੱਡੀ ਗਿਣਤੀ ਵਿਚ ਅਖਬਾਰ ਬੰਦ ਹੋਏ ਹਨ। ਆਰਥਿਕ ਸੰਕਟ ਕਾਰਨ ਛੋਟੇ ਅਤੇ ਦਰਮਿਆਨੇ ਅਖਬਾਰ ਬੰਦ ਹੋ ਰਹੇ ਹਨ। 

ਵੱਡੇ ਅਖਬਾਰਾਂ ਨੇ ਆਰਥਿਕ ਸੰਕਟ ਦੇ ਬਹਾਨੇ ਕਈ ਪੱਤਰਕਾਰਾਂ ਨੂੰ ਨੌਕਰੀ 'ਚੋਂ ਕੱਢਿਆ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਖ਼ਬਾਰਾਂ ਅਤੇ ਖੇਤਰੀ ਚੈਨਲਾਂ ਨੂੰ ਪਹਿਲਾਂ ਨਾਲੋਂ ਬਹੁਤ ਘੱਟ ਇਸ਼ਤਿਹਾਰ ਮਿਲ ਰਹੇ ਹਨ। ਸੋਨੀਆ ਗਾਂਧੀ ਦੀ ਗੈਰ-ਵਾਜ਼ਿਬ ਮੰਗ ਤੋਂ ਬਾਅਦ ਤਾਂ ਮੀਡੀਆ ਜਗਤ ਨੂੰ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ। ਰਾਸ ਬਿਹਾਰੀ ਅਤੇ ਮੋਹੰਤੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਬਚਾਅ ਦੇ ਉਪਾਵਾਂ ਦੀ ਜਾਣਕਾਰੀ ਦੇਣ ਵਿਚ ਮੀਡੀਆ ਨੇ ਵੱਡੀ ਭੂਮਿਕਾ ਨਿਭਾਈ ਹੈ। ਸੰਗਠਨ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਪੱਤਰਕਾਰਾਂ ਨੂੰ ਆਰਥਿਕ ਪੈਕੇਜ ਦੇਣ ਦਾ ਐਲਾਨ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਸਮੇਤ ਸਾਰੇ ਸੂਬਿਆਂ 'ਚ ਪੱਤਰਕਾਰਾਂ ਦੇ ਸਾਹਮਣੇ ਆਰਥਿਕ ਸੰਕਟ ਪੈਦਾ ਹੋ ਗਿਆ ਹੈ।

Tanu

This news is Content Editor Tanu