ਹੁਣ ਮੁੜ ਵਟਸਐਪ ਰਾਹੀਂ ਕਸ਼ਮੀਰ ''ਚ ਇਕੱਠੀ ਹੋ ਰਹੀ ਪੱਥਰਬਾਜ਼ਾਂ ਦੀ ਭੀੜ

09/06/2017 3:53:20 AM

ਸ਼੍ਰੀਨਗਰ - ਕਸ਼ਮੀਰ ਵਾਦੀ ਵਿਚ ਲਗਾਤਾਰ ਹਿੰਸਾ ਦੀਆਂ ਘਟਨਾਵਾਂ ਦਰਮਿਆਨ ਫੈਲੀ ਅਸ਼ਾਂਤੀ ਦੀ ਜਾਂਚ ਵਿਚ ਜੁਟੀ ਹੋਈ ਕੌਮੀ ਜਾਂਚ ਏਜੰਸੀ ਦੀ ਟੀਮ ਨੇ ਲੱਗਭਗ 117 ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ। ਏਜੰਸੀ ਬੀਤੇ 6 ਮਹੀਨਿਆਂ ਤੋਂ ਕਸ਼ਮੀਰ ਵਿਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਵਿਚ ਪੱਥਰਬਾਜ਼ਾਂ ਦੀ ਪਛਾਣ ਕਰ ਰਹੀ ਹੈ।
ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਮੁੜ ਤੋਂ ਵਟਸਐਪ ਗਰੁੱਪ ਰਾਹੀਂ ਨੌਜਵਾਨਾਂ ਨੂੰ ਪੱਥਰਬਾਜ਼ੀ ਦੇ ਨਿਰਦੇਸ਼ ਦਿੱਤੇ ਜਾਣ ਲੱਗੇ ਹਨ। ਇਸ ਸੰਬੰਧੀ 79 ਵਟਸਐਪ ਗਰੁੱਪਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿਚੋਂ ਕਈ ਗਰੁੱਪ ਪਾਕਿਸਤਾਨ ਤੋਂ ਚਲਦੇ ਹਨ।
ਕੌਮੀ ਜਾਂਚ ਏਜੰਸੀ ਨੇ ਵਟਸਐਪ ਗਰੁੱਪਾਂ ਤੋਂ ਹੀ ਲੱਗਭਗ 6386 ਫੋਨ ਨੰਬਰਾਂ ਦਾ ਇਕ ਡਾਟਾ ਇਕੱਠਾ ਕੀਤਾ ਹੈ, ਜਿਸ ਦੇ ਆਧਾਰ 'ਤੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ ਇਕ ਹਜ਼ਾਰ ਵਿਅਕਤੀ ਪਾਕਿਸਤਾਨ ਅਤੇ ਖਾੜੀ ਦੇ ਦੇਸ਼ਾਂ ਵਿਚ ਸਰਗਰਮ ਦੱਸੇ ਜਾਂਦੇ ਹਨ ਜਦਕਿ 5386 ਵਿਅਕਤੀ ਸੂਬੇ ਵਿਚ ਹੀ ਸਰਗਰਮ ਹਨ। ਏਜੰਸੀ ਮੁਤਾਬਕ ਅੰਡਰ ਕਵਰ ਟੀਮ ਹੁਣ ਇਨ੍ਹਾਂ ਪੱਥਰਬਾਜ਼ਾਂ ਦੀ ਪਛਾਣ ਵਿਚ ਜੁਟ ਗਈ ਹੈ। ਨਾਲ ਹੀ ਜਾਂਚਕਰਤਾ ਤਕਨੀਕੀ ਨਿਗਰਾਨੀ, ਜੀ. ਪੀ. ਐੱਸ. ਅਤੇ ਸੈਟੇਲਾਈਟ ਰਾਹੀਂ ਵੀ ਪੱਥਰਬਾਜ਼ਾਂ ਦੀ ਪਛਾਣ ਕਰ ਰਹੀ ਹੈ। 117 ਸ਼ੱਕੀਆਂ ਦੀ ਪਛਾਣ ਹੋਣ ਪਿੱਛੋਂ ਹੁਣ ਜਾਂਚ ਏਜੰਸੀ ਇਕ ਡੋਜ਼ੀਅਰ ਤਿਆਰ ਕਰ ਰਹੀ ਹੈ। ਉਸ ਪਿੱਛੋਂ ਸ਼ੱਕੀਆਂ ਦੀ ਫੜੋ-ਫੜੀ ਕੀਤੀ ਜਾਵੇਗੀ।