ਆਤਮਘਾਤੀ ਹਮਲਾਵਰ ਤੋਂ ਘੱਟ ਨਹੀਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ : ਅਦਾਲਤ

06/29/2017 2:40:12 AM

ਨਵੀ ਦਿੱਲੀ— ਇਕ ਸੈਸ਼ਨ ਅਦਾਲਤ ਨੇ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ 'ਆਤਮਘਾਤੀ ਹਮਲਾਵਰ' ਤੋਂ ਘੱਟ ਨਹੀਂ ਅਤੇ ਹਮਦਰਦੀ ਦਿਖਾਉਣ ਤੋਂ ਨਾਂਹ ਕਰਦੇ ਹੋਏ ਅਜਿਹੇ ਹੀ ਇਕ ਦੋਸ਼ੀ ਦੀ 5 ਦਿਨ ਦੀ ਜੇਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਜ਼ਿਲਾ ਅਤੇ ਸੈਸ਼ਨ ਜੱਜ ਗਿਰੀਸ਼ ਕਠਪਾਲੀਆ ਨੇ ਕਿਹਾ, ''ਸ਼ਰਾਬ ਪੀ ਕੇ ਗੱਡੀ ਚਲਾਉਣਾ ਇਕ ਨਿਰਧਾਰਿਤ ਅਪਰਾਧ ਨਹੀਂ ਸਗੋਂ ਇਕ ਗੰਭੀਰ ਸਮਾਜਿਕ ਖਤਰਾ ਹੈ। 
ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ ਵਿਅਕਤੀ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਜੋਖਿਮ 'ਚ ਪਾਉਂਦਾ ਹੈ ਸਗੋਂ ਸੜਕ 'ਤੇ ਚੱਲਣ ਵਾਲੇ ਦੂਸਰਿਆਂ ਦੀ ਜ਼ਿੰਦਗੀ ਨਾਲ ਵੀ ਖੇਡਦਾ ਹੈ।'' ਉਨ੍ਹਾਂ ਕਿਹਾ, ''ਅਜਿਹੇ ਹਾਦਸਿਆਂ ਦੇ ਸ਼ਿਕਾਰ ਸੜਕ ਦੀ ਵਰਤੋਂ ਕਰਨ ਵਾਲੇ ਲੋਕ ਅਤੇ ਨਾਲ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਦਾ ਪਰਿਵਾਰ ਨਿਰਦੋਸ਼ ਹੁੰਦਾ ਹੈ। ਸੜਕਾਂ 'ਤੇ ਚੱਲਣ ਵਾਲੇ ਅਜਿਹੇ ਡਰਾਈਵਰ ਕਿਸੇ ਆਤਮਘਾਤੀ ਹਮਲਾਵਰ ਤੋਂ ਘੱਟ ਨਹੀਂ ਹਨ।''
ਅਦਾਲਤ ਨੇ ਇਹ ਫੈਸਲਾ ਮੋਟਰ ਵਾਹਨ ਕਾਨੂੰਨ ਦੇ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ੀ ਸਚਿਨ ਕੁਮਾਰ ਦੀ ਅਪੀਲ 'ਤੇ ਸੁਣਾਇਆ, ਜਿਸ ਨੇ ਜ਼ਮਾਨਤ 'ਤੇ ਛੱਡਣ ਦੀ ਮੰਗ ਕੀਤੀ ਸੀ। ਹਾਲਾਂਕਿ ਉਸ ਨੇ ਆਪਣੀ ਸਜ਼ਾ ਨੂੰ ਚੁਣੌਤੀ ਨਹੀਂ ਦਿੱਤੀ ਸੀ ਕਿਉਂਕਿ ਉਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਗੱਲ ਮੰਨ ਲਈ ਸੀ।