ਯਾਸੀਨ ਮਲਿਕ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

09/12/2019 12:16:11 AM

ਸ਼੍ਰੀਨਗਰ – ਕਸ਼ਮੀਰ ਵਿਚ ਭਾਰਤੀ ਹਵਾਈ ਫੌਜ (ਆਈ. ਏ. ਐੱਫ.) ਦੇ 4 ਮੁਲਾਜ਼ਮਾਂ ਦੀ ਹੱਤਿਆ ਦੇ ਮਾਮਲੇ ਵਿਚ ਜੇ. ਕੇ. ਐੱਲ. ਐੱਫ. ਦਾ ਮੁਖੀ ਯਾਸੀਨ ਮਲਿਕ ਬੁੱਧਵਾਰ ਵੀ ਜੰਮੂ ਸਥਿਤ ਟਾਡਾ ਦੀ ਅਦਾਲਤ ਵਿਚ ਪੇਸ਼ ਨਹੀਂ ਹੋਇਆ, ਜਿਸ ਕਾਰਣ ਅਦਾਲਤ ਨੇ ਉਸ ਦੀ ਪੇਸ਼ੀ ਲਈ ਤੀਜੀ ਵਾਰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਇਸ ਵਿਚ ਅਦਾਲਤ ਨੇ ਤਿਹਾੜ ਜੇਲ ਦੇ ਇੰਚਾਰਜ ਨੂੰ ਯਾਸੀਨ ਮਲਿਕ ਨੂੰ 1 ਅਕਤੂਬਰ ਨੂੰ ਅਗਲੀ ਪੇਸ਼ੀ ’ਤੇ ਪੇਸ਼ ਕਰਨ ਲਈ ਕਿਹਾ ਹੈ। ਯਾਸੀਨ ਮਲਿਕ ਪਿਛਲੇ ਲੰਬੇ ਸਮੇਂ ਤੋਂ ਟਾਡਾ ਦੀ ਅਦਾਲਤ ਵਿਚ ਪੇਸ਼ ਹੋਣ ਤੋਂ ਬਚਦਾ ਆਇਆ ਹੈ। ਇਸ ਤੋਂ ਪਹਿਲਾਂ ਉਸ ਨੂੰ ਦੋ ਵਾਰ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ।

ਮਿਲੀ ਜਾਣਕਾਰੀ ਮੁਤਾਬਕ ਆਈ. ਏ. ਐੱਫ. ਦੇ 4 ਮੁਲਾਜ਼ਮਾਂ ਅਤੇ ਇਕ ਨਾਗਰਿਕ ਦੀ ਅੱਤਵਾਦੀਆਂ ਵਲੋਂ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ 30 ਸਾਲ ਬਾਅਦ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ। ਰੂਬੀਆ ਅਗਵਾ ਕੇਸ ਵਿਚ ਸੀ. ਬੀ. ਆਈ. ਦੇ ਚਲਾਨ ਮੁਤਾਬਕ ਸ਼੍ਰੀਨਗਰ ਦੇ ਸਦਰ ਪੁਲਸ ਸਟੇਸ਼ਨ ’ਚ 8 ਦਸੰਬਰ 1989 ਨੂੰ ਰਿਪੋਰਟ ਦਰਜ ਹੋਈ ਸੀ। ਇਸ ਮੁਤਾਬਕ ਰੂਬੀਆ ਮਿੰਨੀ ਬੱਸ ਰਾਹੀਂ ਇਕ ਹਸਪਤਾਲ ਤੋਂ ਨੌਗਾਮ ਸਥਿਤ ਆਪਣੇ ਘਰ ਵਲ ਜਾ ਰਹੀ ਸੀ। ਰਾਹ ਵਿਚ ਕੁਝ ਬੰਦੂਕਧਾਰੀਆਂ ਨੇ ਉਸ ਨੂੰ ਅਗਵਾ ਕਰ ਲਿਆ। ਸੀ. ਬੀ. ਆਈ. ਨੇ ਜਾਂਚ ਪੂਰੀ ਹੋਣ ਪਿੱਛੋਂ 18 ਦਸੰਬਰ 1990 ਨੂੰ ਜੰਮੂ ਦੀ ਟਾਡਾ ਅਦਾਲਤ ਵਿਚ ਮੁਲਜ਼ਮਾਂ ਵਿਰੁੱਧ ਚਲਾਨ ਪੇਸ਼ ਕੀਤਾ ਸੀ।

Inder Prajapati

This news is Content Editor Inder Prajapati