ਨਹੀਂ ਰੁਕ ਰਹੀਆਂ ਵਾਲ ਕੱਟਣ ਦੀਆਂ ਘਟਨਾਵਾਂ, ਲੋਕਾਂ ''ਚ ਦਹਿਸ਼ਤ ਦਾ ਮਾਹੌਲ

08/18/2017 5:03:07 PM

ਕਾਂਗੜਾ—ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਬਾਅਦ ਨੂਰਪੁਰ ਦੀ ਪੰਚਾਇਤ ਅਘਾਰ 'ਚ ਬੀਤੀ ਸ਼ਾਮ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਪਿੰਡ 'ਚ ਰਹਿਣ ਵਾਲੀ ਇਕ 16 ਸਾਲਾ ਮਨੀਸ਼ਾ ਦੇ ਵਾਲ ਕੱਟੇ ਗਏ। ਵਾਲ ਕੱਟਣ ਦੀ ਖਬਰ ਪੂਰੇ ਪਿੰਡ 'ਚ ਅੱਗ ਦੀ ਤਰ੍ਹਾਂ ਫੈਲ ਗਈ। ਪਿੰਡ ਦੇ ਲੋਕ ਦਹਿਸ਼ਤ 'ਚ ਹਨ, ਲੋਕਾਂ ਦਾ ਕਹਿਣਾ ਹੈ ਕਿ ਆਖਰ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਅਤੇ ਕੌਣ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਜਿਸ ਲੜਕੀ ਦੇ ਵਾਲ ਕੱਟੇ ਗਏ ਹਨ ਉਹ ਬਹੁਤ ਹੀ ਡਰੀ ਹੋਈ ਅਤੇ ਸਹਿਮੀ ਹੋਈ ਸੀ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਸੀ ਦੇ ਨਾਲ ਅਘਾਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਹੈ। ਉਸ ਨੇ ਦੱਸਿਆ ਕਿ ਉਹ ਟਾਇਲਟ ਦੇ ਲਈ ਗਈ ਅਤੇ ਜਦੋਂ ਉਹ ਹੱਥ ਧੋਣ ਦੇ ਲਈ ਨਲਕਾ ਖੋਲਣ ਲੱਗੀ ਤਾਂ ਪਿੱਛੇ ਤੋਂ ਉਸ ਦੇ ਮੋਢੇ 'ਤੇ ਕਿਸੇ ਨੇ ਹੱਥ ਰੱਖਿਆ ਅਤੇ ਉਸ ਦੇ ਵਾਲ ਕੱਟ ਦਿੱਤੇ। ਉਸ ਦੇ ਬਾਅਦ ਉਹ ਜ਼ੋਰ ਨਾਲ ਚੀਖੀ ਅਤੇ ਭੱਜ ਗਈ। ਉਸ ਨੇ ਦੱਸਿਆ ਕਿ ਜਿਸ ਨੇ ਉਸ ਦੇ ਵਾਲ ਕੱਟੇ ਹਨ, ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਸੀ ਅਤੇ ਮੱਥੇ 'ਤੇ ਟਿੱਕਾ ਲੱਗਿਆ ਹੋਇਆ ਸੀ। ਰੌਲਾ ਪਾਉਣ 'ਤੇ ਉਹ ਭੱਜ ਗਈ ਅਤੇ ਉਸ ਆਦਮੀ ਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ ਕਿ ਉਹ ਕਿੱਥੇ ਗਿਆ। ਥੋੜ੍ਹੀ ਹੀ ਦੇਰ 'ਚ ਇਹ ਘਟਨਾ ਪੂਰੇ ਪਿੰਡ ਜਿੱਥੇ ਤੱਕ ਕਿ ਨੇੜੇ-ਤੇੜੇ ਦੇ ਪਿੰਡਾਂ 'ਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਲੋਕ ਇਕੱਠੇ ਹੋਣ ਲੱਗੇ। ਅਜੇ ਹਾਲ ਹੀ 'ਚ ਇਕ ਹਫਤਾ ਪਹਿਲਾਂ ਇਸ ਪਿੰਡ ਦੇ ਨਾਲ ਲੱਗਦੇ ਪਿੰਡ ਦੀ ਲੜਕੀ ਦੇ ਵਾਲ ਕੱਟੇ ਸੀ।
ਕੌਣ ਫੈਲਾਅ ਰਿਹਾ ਹੈ ਇਹ ਦਹਿਸ਼ਤ
ਪਿੰਡ ਵਾਸੀ ਯਾਕੂਬ ਖਾਨ ਨੇ ਦੱਸਿਆ ਕਿ ਪਿੰਡ ਦੇ ਬੱਚੇ ਸਹਿਮੇ ਹੋਏ ਹਨ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਕੌਣ ਸ਼ਰਾਰਤੀ ਤੱਤ ਇਸ ਤਰ੍ਹਾਂ ਦੀ ਦਹਿਸ਼ਤ ਫੈਲਾਅ ਰਿਹਾ ਹੈ। ਨੂਰਪੁਰ ਦੇ ਥਾਣਾ ਪ੍ਰਭਾਰੀ ਸੰਦੀਪ  ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਨੂੰ ਪੰਚਾਇਤ ਪ੍ਰਧਾਨ ਦਾ ਫੋਨ ਆਇਆ ਸੀ ਅਤੇ ਉਸ ਘਟਨਾ ਦੀ ਸੂਚਨਾ ਦਿੱਤੀ ਸੀ, ਪਰ ਘਰ ਵਾਲਿਆਂ ਨੇ ਇਸ ਦੀ ਕਿਸੇ ਵੀ ਪ੍ਰਕਾਰ ਦੀ ਸੂਚਨਾ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਪੰਚਾਇਤ ਪ੍ਰਧਾਨ ਦੀ ਰਿਪੋਰਟ 'ਤੇ ਅਸੀਂ ਉੱਥੇ ਜਾ ਕੇ ਬਿਆਨ ਦਰਜ ਕਰਨਗੇ ਅਤੇ ਸਾਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ। ਸੰਦੀਪ ਸ਼ਰਮਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ, ਜਿੱਥੇ ਕਿਤੇ ਵੀ ਕਿਸੇ ਵੀ ਪ੍ਰਕਾਰ ਦੀ ਘਟਨਾ ਹੋਵੇ, ਪਰ ਉਸ ਦੀ ਸੂਚਨਾ ਪੁਲਸ ਨੂੰ ਕਰਨ।