''ਡਬਲ ਇੰਜਣ'' ਦੀ ਸਰਕਾਰ ਨਾ ਰਹਿਣ ''ਤੇ ਜਨਤਾ ''ਤੇ  ''ਡਬਲ ਮਾਰ'' ਪੈਂਦੀ ਹੈ: PM ਮੋਦੀ

04/27/2023 3:54:59 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ 'ਡਬਲ ਇੰਜਣ' ਦੀ ਸਰਕਾਰ ਹੋਣ ਦਾ ਸਿੱਧਾ ਮਤਲਬ ਸੂਬਿਆਂ 'ਚ ਵਿਕਾਸ ਦੀ ਦੁੱਗਣੀ ਰਫ਼ਤਾਰ ਹੈ ਅਤੇ ਇਸ ਦੇ ਨਾ ਹੋਣ ਨਾਲ ਜਨਤਾ 'ਤੇ 'ਡਬਲ ਮਾਰ' ਪੈਂਦੀ ਹੈ। ਚੋਣਾਵੀ ਸੂਬੇ ਕਰਨਾਟਕ 'ਚ ਭਾਜਪਾ ਦੇ ਵਰਕਰਾਂ ਨਾਲ ਡਿਜੀਟਲ ਰਾਹੀਂ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਉਹ ਜਨਤਾ ਵਿਚਾਲੇ ਜਾਣ ਅਤੇ ਦੱਸਣ ਕਿ 'ਡਬਲ ਇੰਜਣ' ਸਰਕਾਰ ਦੇ ਕੀ ਫਾਇਦੇ ਹਨ। ਕੇਂਦਰ ਅਤੇ ਸੂਬੇ ਵਿਚ ਇਕ ਹੀ ਪਾਰਟੀ ਦੀ ਸਰਕਾਰ ਹੋਣ ਨੂੰ ਭਾਜਪਾ 'ਡਬਲ ਇੰਜਣ' ਦੀ ਸਰਕਾਰ ਕਹਿੰਦੀ ਹੈ।

ਹਾਲ ਹੀ ਦੇ ਸਾਲਾਂ 'ਚ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਇਸ ਨੂੰ ਇਕ ਵੱਡਾ ਮੁੱਦਾ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਜਨਤਾ ਨੂੰ ਸਮਝਾਉਣ ਕਿ ਸਥਿਰ ਸਰਕਾਰ ਹੋਣ ਦੇ ਫਾਇਦੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੂੰ ਦੱਸੋ ਕਿ ਕਰਨਾਟਕ ਵਿਚ ਸਥਿਰਤਾ ਨਾ ਹੋਣ ਦੀ ਵਜ੍ਹਾ ਨਾਲ ਕਿੰਨਾ ਨੁਕਸਾਨ ਹੋਇਆ ਹੈ ਅਤੇ ਦਿੱਲੀ ਵਿਚ ਇਕ ਸਥਿਰ ਸਰਕਾਰ ਹੋਣ ਨਾਲ ਕਿੰਨਾ ਕੰਮ ਹੋ ਰਿਹਾ ਹੈ। ਇਸ ਵਾਰ ਵੀ ਇੱਥੇ ਮਜ਼ਬੂਤ ਅਤੇ ਸਥਿਰ ਸਰਕਾਰ ਬਣਾਓ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦਾ ਸਿੱਧਾ ਅਤੇ ਸੌਖਾ ਜਿਹ ਮਤਲਬ ਹੈ ਕਿ ਵਿਕਾਸ ਦੀ ਰਫ਼ਤਾਰ ਦੁੱਗਣੀ ਹੈ। ਪਿਛਲੇ 9 ਸਾਲਾਂ ਦਾ ਇਹ ਤਜ਼ਰਬਾ ਹੈ। ਜਿੱਥੇ ਵੀ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਹੈ, ਉੱਥੇ ਗਰੀਬਾਂ ਦੀ ਭਲਾਈ ਦੀਆਂ ਸਕੀਮਾਂ ਬਹੁਤ ਤੇਜ਼ੀ ਨਾਲ ਜ਼ਮੀਨ 'ਤੇ ਉਤਰੀਆਂ ਹਨ।

ਪ੍ਰਧਾਨ ਮੰਤਰੀ ਨੇ ਇਕ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਟਰੈਕਟਰ ਦੇ ਪਹੀਏ ਦੀ ਬਜਾਏ ਇਸ 'ਚ ਮਾਰੂਤੀ ਕਾਰ ਦਾ ਪਹੀਆ ਫਿੱਟ ਕਰ ਦਿੱਤਾ ਜਾਵੇ ਤਾਂ ਕੀ ਇਸ ਦਾ ਕੋਈ ਫਾਇਦਾ ਹੋਵੇਗਾ? ਕੀ ਉਹ ਖ਼ੁਦ ਹੀ ਆਪਣੀ ਬਰਬਾਦੀ ਕਰੇਗਾ ਕਿ ਨਹੀਂ ਕਰੇਗਾ? ਪ੍ਰਧਾਨ ਮੰਤਰੀ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਜਾ ਕੇ ਵੋਟਰਾਂ ਨੂੰ ਇਸ ਦੇ ਲਾਭ ਸਮਝਾਉਣ। ਉਨ੍ਹਾਂ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਏਜੰਡਾ ਸੱਤਾ ਹਥਿਆਉਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਏਜੰਡਾ 25 ਸਾਲਾਂ ਵਿਚ ਦੇਸ਼ ਨੂੰ ਵਿਕਸਿਤ ਕਰਨਾ, ਇਸ ਨੂੰ ਗਰੀਬੀ ਤੋਂ ਮੁਕਤ ਬਣਾਉਣਾ, ਨੌਜਵਾਨਾਂ ਦੀ ਸਮਰੱਥਾ ਨੂੰ ਅੱਗੇ ਲਿਜਾਣਾ ਹੈ।

Tanu

This news is Content Editor Tanu