ਹਾਥਰਸ ਦੀ ਨਿਰਭਿਆ ਦੀ ਜਾਨ ਕਠੋਰ ਸਰਕਾਰ ਅਤੇ ਪ੍ਰਸ਼ਾਸਨ ਨੇ ਲਈ: ਸੋਨੀਆ ਗਾਂਧੀ

09/30/2020 11:04:27 PM

ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਗੈਂਗਰੇਪ ਅਤੇ ਹੱਤਿਆ  ਦੇ ਮਾਮਲੇ 'ਚ ਸੂਬਾ ਸਰਕਾਰ ਦੇ ਰਵੱਈਏ ਦੀ ਸਖ਼ਤ ਆਲੋਚਨਾ ਕੀਤੀ ਹੈ। 19 ਸਾਲਾ ਦਲਿਤ ਕੁੜੀ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਦੁੱਖ ਜਤਾਉਂਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਸੱਚ ਤਾਂ ਇਹ ਹੈ ਉਸਦੀ ਜਾਨ ਉੱਤਰ ਪ੍ਰਦੇਸ਼ ਦੀ ਸਰਕਾਰ ਅਤੇ ਉਸਦੇ ਪ੍ਰਸ਼ਾਸਨ ਦੇ ਰਵੱਈਏ ਨੇ ਲਈ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਤਰ੍ਹਾਂ ਬੇਇਨਸਾਫ਼ੀ ਹੋਈ ਹੈ, ਦੇਸ਼ ਉਸਦਾ ਜਵਾਬ ਦੇਵੇਗਾ।

ਸੋਨੀਆ ਗਾਂਧੀ ਨੇ ਆਪਣੇ ਬਿਆਨ 'ਚ ਕਿਹਾ, ਹਾਥਰਸ ਦੀ ਨਿਰਭਿਆ ਦੀ ਮੌਤ ਨਹੀਂ ਹੋਈ ਹੈ ਉਸ ਨੂੰ ਇੱਕ ਕਠੋਰ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਮਾਰਿਆ ਹੈ। ਜਦੋਂ ਜਿੰਦਾ ਸੀ ਤਾਂ ਉਸ ਦੀ ਸੁਣਵਾਈ ਨਹੀਂ ਹੋਈ ਉਸ ਦੀ ਰੱਖਿਆ ਨਹੀਂ ਹੋਈ। ਉਸ ਦੀ ਮੌਤ ਤੋਂ ਬਾਅਦ ਉਸ ਨੂੰ ਆਪਣੇ ਘਰ ਦੀ ਮਿੱਟੀ ਅਤੇ ਹਲਦੀ ਵੀ ਨਸੀਬ ਨਹੀਂ ਹੋਣ ਦਿੱਤੀ। ਉਸ ਬੱਚੀ ਨੂੰ ਅਨਾਥਾਂ ਵਾਂਗ ਪੁਲਸ ਨੇ ਜ਼ਬਰਦਸਤੀ ਸਾੜ ਦਿੱਤਾ। ਇਹ ਕਿਹੋ ਜਿਹਾ ਨਿਆਂ ਹੈ? ਇਹ ਕਿਹੋ ਜਿਹੀ ਸਰਕਾਰ ਹੈ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁੱਝ ਵੀ ਕਰ ਲਓਗੇ ਅਤੇ ਦੇਸ਼ ਦੇਖਦਾ ਰਹੇਗਾ? ਅਜਿਹਾ ਨਹੀਂ ਹੋਵੇਗਾ, ਇਹ ਦੇਸ਼ ਬੇਇਨਸਾਫ਼ੀ ਦੇ ਖ਼ਿਲਾਫ਼ ਬੋਲੇਗਾ। ਮੈਂ ਕਾਂਗਰਸ ਵੱਲੋਂ ਹਾਥਰਸ ਪੀੜਤ ਪਰਿਵਾਰ ਦੇ ਨਿਆਂ ਦੀ ਮੰਗ ਨਾਲ ਖੜੀ ਹਾਂ। ਭਾਰਤ ਸਾਰਿਆਂ ਦਾ ਦੇਸ਼ ਹੈ। ਇੱਥੇ ਸਾਰਿਆਂ ਨੂੰ ਇੱਜਤ ਦੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਅਸੀਂ ਬੀਜੇਪੀ ਨੂੰ ਸੰਵਿਧਾਨ ਅਤੇ ਦੇਸ਼ ਨੂੰ ਨਹੀਂ ਤੋੜਨ ਦਿਆਂਗੇ।

ਸੋਨੀਆ ਗਾਂਧੀ ਨੇ ਕਿਹਾ, ਹਾਥਰਸ ਦੀ ਬੱਚੀ ਨਾਲ ਜੋ ਹੈਵਾਨਿਅਤ ਕੀਤੀ ਗਈ ਉਹ ਸਾਡੇ ਸਮਾਜ 'ਤੇ ਇੱਕ ਕਲੰਕ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਕੁੜੀ ਹੋਣਾ ਗੁਨਾਹ ਹੈ, ਕੀ ਗਰੀਬ ਦੀ ਕੁੜੀ ਹੋਣਾ ਦੋਸ਼ ਹੈ। ਯੂ.ਪੀ. ਸਰਕਾਰ ਨੇ ਹਫਤਿਆਂ ਤੱਕ ਪੀੜਤ ਪਰਿਵਾਰ ਦੀ ਨਿਆਂ ਦੀ ਮੰਗ ਨੂੰ ਨਹੀਂ ਸੁਣਿਆ। ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਸਮੇਂ 'ਤੇ ਠੀਕ ਇਲਾਜ ਬੱਚੀ ਨੂੰ ਨਹੀਂ ਦਿੱਤਾ ਗਿਆ ਅਤੇ ਉਹ ਧੀ ਸਾਡੇ 'ਚੋਂ ਚੱਲੀ ਗਈ।

Inder Prajapati

This news is Content Editor Inder Prajapati