ਵਾਰਾਣਸੀ : ਨਿਰਭਯਾ ਦੇ ਦੋਸ਼ੀਆਂ ਲਈ ਮਾਂ ਗੰਗਾ ਤੋਂ ਮੰਗੀ ਗਈ ਫਾਂਸੀ ਦੀ ਮੰਨਤ

01/31/2020 12:01:47 PM

ਵਾਰਾਣਸੀ— ਨਿਰਭਯਾ ਗੈਂਗਰੇਪ ਅਤੇ ਕਤਲ ਦੇ ਮਾਮਲੇ 'ਚ ਦੋਸ਼ੀਆਂ ਨੂੰ ਫਾਂਸੀ ਲਈ ਮਾਂ ਗੰਗਾ ਤੋਂ ਮੰਨਤ ਮੰਗੀ ਜਾ ਰਹੀ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਕਿਸੇ ਨੂੰ ਫਾਂਸੀ ਦੇਣ ਲਈ ਮਾਂ ਗੰਗਾ ਤੋਂ ਮੰਨਤ ਮੰਗੀ ਜਾ ਰਹੀ ਹੈ। ਸੈਂਕੜੇ ਦੀ ਗਿਣਤੀ 'ਚ ਮਹਾਰਾਸ਼ਟਰ ਤੋਂ ਵਾਰਾਣਸੀ ਆਏ ਸੈਲਾਨੀਆਂ ਨੇ ਮਾਂ ਗੰਗਾ ਤੋਂ 'ਨਿਰਭਯਾ' ਦੇ ਦੋਸ਼ੀਆਂ ਲਈ ਜਲਦ ਤੋਂ ਜਲਦ ਫਾਂਸੀ ਦੇਣ ਦੀ ਮੰਨਤ ਮੰਗੀ ਹੈ। 

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਸ਼ਟਰ ਤੋਂ ਸੈਲਾਨੀਆਂ ਦਾ ਇਕ ਦਲ ਵਾਰਾਣਸੀ ਆਇਆ ਹੈ। 21ਵੀਂ ਯਾਤਰਾ 'ਤੇ ਪੁੱਜੇ ਦਲ ਨੇ ਬਾਬਾ ਵਿਸ਼ਵਨਾਥ ਅਤੇ ਗੰਗਾ ਆਰਤੀ 'ਚ ਸ਼ਾਮਲ ਹੋਣ ਤੋਂ ਬਾਅਦ ਗੰਗਾ ਪੂਜਨ ਕੀਤਾ। ਇਸ ਵਾਰ ਇਸ ਦਲ ਨੇ ਆਪਣੀ ਯਾਤਰਾ 'ਨਿਰਭਯਾ' ਦੇ ਨਾਂ ਸਮਰਪਿਤ ਕੀਤਾ ਹੈ। ਕਰੀਬ ਇਕ ਹਜ਼ਾਰ ਦੀ ਗਿਣਤੀ 'ਚ ਵਾਰਾਣਸੀ ਦੇ ਦਸ਼ਾਸ਼ਵਮੇਧ ਘਾਟ ਪੁੱਜੇ ਸੈਲਾਨੀਆਂ ਨੇ ਗੰਗਾ ਆਰਤੀ ਦੌਰਾਨ ਹੱਥਾਂ 'ਚ ਪੋਸਟਰ ਲੈ ਕੇ ਮਾਂ ਗੰਗਾ ਦਾ ਪੂਜਨ ਕੀਤਾ ਅਤੇ ਮੰਨਤ ਮੰਗੀ ਕਿ ਇਕ ਫਰਵਰੀ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਜਾਵੇ।

ਮਹਾਰਾਸ਼ਟਰ ਤੋਂ ਆਏ ਸੈਲਾਨੀ ਬਾਬੁਲ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਕਾਨੂੰਨੀ ਦਾਅ ਪੇਚ ਕਾਰਨ ਦੋਸ਼ੀ ਲਗਾਤਾਰ ਬਚਦੇ ਜਾ ਰਹੇ ਹਨ, ਅਜਿਹੇ 'ਚ ਹੁਣ ਮਾਂ ਗੰਗਾ ਤੋਂ ਹੀ ਉਮੀਦਾਂ ਬਾਕੀਆਂ ਹਨ। ਦੱਸਣਯੋਗ ਹੈ ਕਿ ਇਸ ਮਾਮਲੇ 'ਚ 2 ਦੋਸ਼ੀਆਂ- ਵਿਨੇ ਕੁਮਾਰ ਸ਼ਰਮਾ ਅਤੇ ਮੁਕੇਸ਼ ਕੁਮਾਰ ਸਿੰਘ ਵਲੋਂ ਦਾਇਰ ਸੁਧਾਰਾਤਮਕ ਪਟੀਸ਼ਨਾਂ ਸੁਪਰੀਮ ਕੋਰਟ ਪਹਿਲਾਂ ਹੀ ਖਾਰਜ ਕਰ ਚੁਕਿਆ ਹੈ। ਜਿਸ ਤੋਂ ਬਾਅਦ ਵਿਨੇ ਨੇ ਰਾਸ਼ਟਰਪਤੀ ਦੇ ਸਾਹਮਣੇ ਦਯਾ ਪਟੀਸ਼ਨ ਦਾਖਲ ਕੀਤੀ ਹੈ। ਉੱਥੇ ਹੀ ਚੌਥੇ ਦੋਸ਼ੀ ਪਵਨ ਗੁਪਤਾ ਨੇ ਸੁਧਾਰਾਤਮਕ ਪਟੀਸ਼ਨ ਦਾਇਰ ਨਹੀਂ ਕੀਤੀ ਹੈ। ਉਸ ਦੇ ਕੋਲ ਹੁਣ ਵੀ ਇਹ ਬਦਲ ਬਚਿਆ ਹੈ।

DIsha

This news is Content Editor DIsha